Site icon FlyAmritsar Initiative

ਭਾਰਤ ਅਤੇ ਵਿਸ਼ਵ ਹਵਾਬਾਜ਼ੀ ‘ਤੇ ਕੋਰੋਨਾਵਾਇਰਸ ਦਾ ਪ੍ਰਭਾਵ

ਹਵਾਬਾਜ਼ੀ ਵਿਸ਼ਵ ਭਰ ਵਿੱਚ ਸਭ ਤੋਂ ਮਹੱਤਵਪੂਰਨ ਉਦਯੋਗਾਂ ਵਿੱਚੋਂ ਇੱਕ ਹੈ। ਇਸ ਉਦਯੋਗ ਵਿਚ ਵਰਤੇ ਜਾਣ ਵਾਲੇ ਜਹਾਜਾਂ ਦਾ
ਵਰਤੋਂ ਸਿਰਫ ਯਾਤਰੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ਤੱਕ ਸੀਮਿਤ ਨਹੀਂ ਹੈ ਬਲਕਿ ਦੁਨੀਆ ਭਰ ਵਿਚ ਇਕ ਜਗ੍ਹਾ ਤੋਂ
ਦੂਜੀ ਜਗ੍ਹਾ ‘ਤੇ ਮਾਲ ਲਿਜਾਣਾ ਵੀ ਹੈ। ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਫੈਲਣ ਕਾਰਨ, ਹਵਾਬਾਜ਼ੀ ਉਦਯੋਗ ਸਭ ਤੋਂ ਵੱਧ
ਪ੍ਰਭਾਵਤ ਹੋਇਆ ਹੈ।

ਇਸ ਦੇ ਨਤੀਜੇ ਵਜੋਂ ਭਾਰਤ ਸਮੇਤ ਕਈ ਦੇਸ਼ਾਂ ਨੇ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਦੁਨੀਆ ਭਰ ਦੀਆਂ
ਏਅਰਲਾਈਨਾਂ ਦੁਆਰਾ ਲਗਭਗ ਸਾਰੀਆਂ ਉਡਾਣਾਂ ਦਾ ਬੰਦ ਹੋਣਾ ਕੋਰੋਨਾ ਵਾਇਰਸ ਤੋਂ ਹਵਾਬਾਜ਼ੀ ਉਦਯੋਗਾਂ ਨੂੰ ਹੋ ਰਹੇ ਨੁਕਸਾਨ
ਦੀ ਵਿਸ਼ਾਲਤਾ ਨੂੰ ਉਜਾਗਰ ਕਰ ਰਿਹਾ ਹੈ। ਇਸ ਨੇ ਸਿਰਫ ਸੜਕਾ ਨੂੰ ਹੀ ਨਹੀਂ ਬਲਕਿ ਦੁਨੀਆ ਭਰ ਦੇ ਅਸਮਾਨ ਨੂੰ ਵੱਡੀ
ਗਿਣਤੀ ਵਿੱਚ ਉੱਡ ਰਹੇ ਹਵਾਈ ਜਹਾਜ਼ਾਂ ਤੋਂ ਵੀ ਖਾਲੀ ਕਰ ਦਿੱਤਾ ਹੈ। ਦੁਨੀਆ ਦੇ ਕਈ ਸ਼ਹਿਰ ਜਿਵੇਂ ਕਿ ਨਿਉਯਾਰਕ ਜਿਸ ਨੂੰ
“ਸਿਟੀ ਨੈਵਰ ਸਲੀਪਸ (ਕਦੀ ਨਾਂ ਸੌਣ ਵਾਲਾ ਸ਼ਹਿਰ)” ਕਿਹਾ ਜਾਂਦਾ ਹੈ, ਹੁਣ ਸੁਨਸਾਨ ਨਜਰ ਆ ਰਿਹਾ ਹੈ।

ਵੈਬਸਾਈਟ ਫਲਾਈਟਰੇਡਾਰ24 ਜੋ ਕਿ ਵਿਸ਼ਵ ਦੀਆ ੳਡਾਣਾਂ ਨੂੰ ਟਰੈਕ ਕਰਦੀ ਹੈ ਅਤੇ ਦੁਨੀਆ ਭਰ ਦੇ ਹਜ਼ਾਰਾਂ ਹਵਾਈ
ਜਹਾਜ਼ਾਂ ਬਾਰੇ ਰੋਜ਼ਾਨਾ ਅਸਲ-ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਅਨੁਸਾਰ, ਦਸੰਬਰ 2019
ਵਿਚ ਰੋਜਾਨਾਂ ਲਗਭਗ 2 ਲੱਖ ਉਡਾਣਾਂ ਹੁੰਦੀਆਂ ਸਨ ਅਤੇ ਲੱਖਾਂ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਸਨ। ਇਸ ਦੀ ਔਸਤ ਜਨਵਰੀ ਦੇ
ਮਹੀਨੇ ਵਿਚ ਘਟ ਕੇ ਰੋਜਾਨਾਂ 1.8 ਲੱਖ, ਫਰਵਰੀ ਵਿਚ 1.7 ਲੱਖ ਸੀ। ਇਹ ਮਾਰਚ ਦੇ ਅੰਤ ਵਿਚ ਲਗਭਗ ਇਕ ਤਿਹਾਈ ਘੱਟ ਕੇ
ਸਿਰਫ 69,000 ਰਹਿ ਗਈ ਅਤੇ ਹਰ ਦਿਨ ਹੋਰ ਵੀ ਘੱਟ ਰਹੀ ਹੈ।

ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ (ਆਈ.ਏ.ਟੀ.ਏ.) ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ
ਵਿਸ਼ਵ ਭਰ ਦੀਆਂ ਏਅਰਲਾਈਨਾਂ ਨੂੰ ਲਗਭਗ 252 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਅਮੀਰਾਤ, ਇਤੀਹਾਦ,
ਲੁਫਥਾਂਸਾ, ਸਿੰਗਾਪੁਰ ਏਅਰਲਾਇੰਸ ਵਰਗੀਆਂ ਕਈ ਦੁਨੀਆ ਦੀਆਂ ਪ੍ਰਮੁੱਖ ਏਅਰਲਾਇਨਾਂ ਨੂੰ ਆਪਣੇ ਜਹਾਜ਼ ਹਵਾਈ ਅੱਡਿਆਂ ਤੇ
ਖੜੇ ਕਰਨੇ ਪੈ ਗੲੈ ਹਨ। ਇਹ ਘੱਟ ਰਹੀ ਹਵਾਈ ਆਵਾਜਾਈ ਕਾਰਨ ਨਹੀਂ ਹੋਇਆ ਬਲਕਿ ਬਹੁਤ ਸਾਰੇ ਦੇਸ਼ਾਂ ਦੀ ਸਰਕਾਰ ਨੇ
ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਵੀ ਲਗਾ ਦਿੱਤੀ ਹੈ।

ਭਾਰਤ ਨੇ ਵੀ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟਾਂ ਨੂੰ ਪਹਿਲਾਂ 24 ਮਾਰਚ ਤੋਂ 30 ਮਾਰਚ ਤੱਕ ਬੰਦ ਕਰ ਦਿੱਤਾ
ਸੀ ਜੋ ਕਿ ਪਹਿਲਾਂ 14 ਅਪ੍ਰੈਲ ਅਤੇ ਹੁਣ 3 ਮਈ, 2020 ਦੀ ਅੱਧੀ ਰਾਤ ਤੱਕ ਵਧਾ ਦਿੱਤਾ ਗਿਆ। ਸਾਰੀਆਂ ਭਾਰਤੀ ਏਅਰਲਾਈਨਾਂ
ਏਅਰ ਇੰਡੀਆ, ਇੰਡੀਗੋ, ਵਿਸਤਾਰਾ, ਸਪਾਈਸਜੈੱਟ, ਗੋਏਅਰ ਨੂੰ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰਨੀਆਂ ਪਈਆਂ। ਉਨ੍ਹਾਂ ਨੂੰ
ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਪਾਰਕਿੰਗ ਸਥਾਨਾਂ ਦੀ ਵੀ ਭਾਲ ਕਰਨੀ ਪਈ ਅਤੇ ਕਈ ਸਟਾਫ ਮੈਂਬਰ ਵੱਖ-ਵੱਖ ਸ਼ਹਿਰਾਂ
ਵਿਚ ਫਸੇ ਹੋਏ ਹਨ।

ਸੈਂਟਰ ਫਾਰ ਏਵੀਏਸ਼ਨ (ਸੀ.ਏ.ਪੀ.ਏ.) ਦੀ ਭਾਰਤ ਦੀ ਸ਼ਾਖਾ, ਜੋ ਕਿ ਹਵਾਬਾਜ਼ੀ ਅਤੇ ਯਾਤਰਾ ਉਦਯੋਗ ਦੇ ਅਨੁਮਾਨਾਂ
ਲਈ ਜਾਣਕਾਰੀ ਪ੍ਰਦਾਨ ਕਰਦਾ ਹੈ, ਨੇ ਇਹ ਅਨੁਮਾਨ ਲਗਾਇਆ ਹੈ ਕਿ ਭਾਰਤ ਦੀ ਰਾਸ਼ਟਰੀ ਏਅਰਲਾਈਨ ਏਅਰ ਇੰਡੀਆ ਨੂੰ
ਰੋਜ਼ਾਨਾ 30-35 ਕਰੋੜ ਦਾ ਘਾਟਾ ਹੋ ਰਿਹਾ ਹੈ। ਉਡਾਣਾਂ ਬੰਦ ਹੋਣ ਨਾਲ ਇਹ ਘਾਟਾ ਦਿਨੋ ਦਿਨ ਵੱਧ ਰਿਹਾ ਹੈ ਤੇ ਕੁੱਝ
ਏਅਰਲਾਈਨ ਕੰਪਨੀਆਂ ਨੂੰ ਅਕਾਸ਼ ਵੱਲ ਨੁੰ ਉਡਾਣ ਭਰਨਾ ਮੁਸ਼ਕਲ ਹੋ ਸਕਦਾ ਹੈ। ਇਹ ਬਹੁਤ ਸਾਰੀਆਂ ਹੋਰ ਏਅਰਲਾਈਨਾਂ ਦੇ
ਭਵਿੱਖ ‘ਤੇ ਵੀ ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ।

ਮਾਰਚ ਵਿਚ, ਫਲਾਈਬੀ, ਜੋ ਕਿ ਯੂਰਪ ਦੀ ਸਭ ਤੋਂ ਵੱਡੀ ਖੇਤਰੀ ਏਅਰਲਾਈਨ ਹੈ, ਵਾਇਰਸ ਦੇ ਕਾਰਨ ਵਿੱਤੀ ਘਾਟੇ ਨੂੰ ਪੂਰਾ ਨਾ
ਕਰ ਸਕੀ ਤੇ ਜਿਸ ਕਾਰਨ ਦੀਵਾਲੀਆ ਨਿਕਲ ਗਿਆ। ਆਈ.ਏ.ਟੀ.ਏ ਦਾ ਅਨੁਮਾਨ ਹੈ ਕਿ ਕਈ ਹੋਰ ਏਅਰਲਾਇੰਸ ਇਸ ਸਥਿਤੀ
ਵਿਚ ਜਾ ਸਕਦੀਆਂ ਹਨ ਜੇਕਰ ਜਲਦੀ ਤੋਂ ਜਲਦੀ ਉਡਾਣਾਂ ਸ਼ੁਰੂ ਨਹੀਂ ਹੁੰਦੀਆਂ।
ਸਿਰਫ ਏਅਰਲਾਇੰਸ ਹੀ ਨਹੀਂ, ਇਹ ਸਥਿਤੀ ਜਹਾਜ਼ ਨਿਰਮਾਤਾਵਾਂ ‘ਤੇ ਵੀ ਸਖਤ ਪ੍ਰਭਾਵ ਪਾ ਰਹੀ ਹੈ। ਏਅਰਬੱਸ ਅਤੇ
ਬੋਇੰਗ, ਵਿਸ਼ਵ ਦੇ ਸਭ ਤੋਂ ਵੱਡੇ ਏਅਰਕ੍ਰਾਫਟ ਨਿਰਮਾਣਕਾਂ ਨੇ ਆਪਣੇ ਬਹੁਤ ਸਾਰੇ ਜਹਾਜ਼ਾਂ ਦੇ ਉਤਪਾਦਨ ਲਈ ਅਸਥਾਈ
ਮੁਅੱਤਲੀ ਦੀ ਘੋਸ਼ਣਾ ਕੀਤੀ ਹੈ। ਉਤਪਾਦਨ ਵਿਚ ਰੁਕਾਵਟ, ਏਅਰਲਾਈਨਾਂ ਦੁਆਰਾ ਨਵੇਂ ਜਹਾਜ਼ਾਂ ਨੂੰ ਨਾ ਖਰੀਦਣਾ, ਇਕ ਵੱਡਾ
ਵਿੱਤੀ ਘਾਟਾ ਪਾ ਰਹੇ ਹਨ।

ਇਨ੍ਹਾਂ ਸਾਰੀਆਂ ਘਟਨਾਵਾਂ ਦੇ ਕਾਰਨ, ਉਦਯੋਗ ਦੇ ਸਾਰੇ ਕਰਮਚਾਰੀਆਂ ਦੇ ਭਵਿੱਖ ‘ਤੇ ਵੀ ਇਕ ਵੱਡਾ ਪ੍ਰਸ਼ਨ ਹੈ।
ਫਲਾਈਬੀ ਦੇ ਬੰਦ ਹੋਣ ਨਾਲ ਇਸਦੇ ਹਜ਼ਾਰਾਂ ਕਰਮਚਾਰੀ ਬੇਰੁਜ਼ਗਾਰ ਹੋ ਗਏ। ਜੇ ਇਹ ਸਥਿਤੀ ਜਾਰੀ ਰਹਿੰਦੀ ਹੈ, ਤਾਂ ਹੋ ਸਕਦਾ
ਹੈ ਕਿ ਲੱਖਾਂ ਲੋਕ ਭਾਰਤ ਅਤੇ ਵਿਸ਼ਵ ਭਰ ਵਿਚ ਬੇਰੁਜ਼ਗਾਰ ਹੋਣਗੇ। ਜਿਵੇਂ ਕਿ ਏਅਰ ਲਾਈਨਜ਼ ਨਵੇਂ ਕਰਜ਼ੇ ਲੈਣ ਲਈ ਸੰਘਰਸ਼
ਕਰ ਰਹੀਆਂ ਹਨ, ਉਨ੍ਹਾਂ ਵਿਚੋਂ ਬਹੁਤ ਸਾਰੇ ਉਨ੍ਹਾਂ ਲਈ ਸਰਕਾਰੀ ਮਦਦ ‘ਤੇ ਨਿਰਭਰ ਕਰ ਰਹੇ ਹਨ। ਇਸ ਵਕਤ ਵਧੀਆ ਵਿੱਤੀ
ਸੰਤੁਲਨ ਵਾਲੀਆਂ ਏਅਰਲਾਈਨਾਂ ਇਹਨਾਂ ਹਲਾਤਾਂ ਤੋਂ ਬਚ ਸਕਦੀਆਂ ਹਨ।

ਭਾਰਤ ਅਤੇ ਵਿਸ਼ਵ ਦੇ ਹਵਾਈ ਅੱਡਿਆਂ ਨੂੰ ਵੀ ਫਲਾਈਟਾਂ ਰੱਦ ਹੋਣ ਕਾਰਨ, ਫੀਸ ਦੇ ਰੂਪ ਵਿੱਚ ਹੋ ਰਹੀ ਆਮਦਨੀ ਨਾ
ਹੋਣ ਕਾਰਨ ਭਾਰੀ ਘਾਟਾ ਹੋ ਰਿਹਾ ਹੈ। ਇਕ ਵਾਰ ਜਦੋਂ ਸਥਿਤੀ ਆਮ ਵਾਂਗ ਹੋ ਜਾਂਦੀ ਹੈ, ਤਾਂ ਇਹ ਉਦਯੋਗ ਇਕਸਾਰ ਨਹੀਂ
ਦਿਖਾਈ ਦੇਵੇਗਾ।

ਪੰਜਾਬ ਲਈ, ਅੰਮ੍ਰਿਤਸਰ ਆਪਣੇ ਕੁਝ ਮੌਜੂਦਾ ਰੂਟਾਂ ‘ਤੇ ਅਸਥਾਈ ਤੌਰ’ ਤੇ ਆਪਣਾ ਅੰਤਰਰਾਸ਼ਟਰੀ ਸੰਪਰਕ ਗੁਆ
ਸਕਦਾ ਹੈ। ਏਅਰਲਾਈਨਾਂ ਵੱਡੇ ਹਵਾਈ ਅੱਡਿਆਂ ਤੋਂ ਰੂਟ ਮੁੜ ਸ਼ੁਰੂ ਕਰਨ ‘ਤੇ ਧਿਆਨ ਕੇਂਦਰਤ ਕਰਣਗੀਆ, ਇਸ ਤੋਂ ਬਾਅਦ
ਅੰਮ੍ਰਿਤਸਰ ਵਰਗੇ ਟੀਅਰ -2 ਹਵਾਈ ਅੱਡੇ ਤੋਂ ਸ਼ੁਰੂ ਕਰਣਗੀਆਂ। ਅੰਮ੍ਰਿਤਸਰ ਤੋਂ ਉਡਾਣਾਂ ਬੰਦ ਹੋਣ ਤੋਂ ਪਹਿਲਾਂ 9 ਅੰਤਰਰਾਸ਼ਟਰੀ
ਅਤੇ 9 ਘਰੇਲੂ ਸ਼ਹਿਰਾਂ ਲਈ ਉਡਾਣਾਂ ਸਨ ਅਤੇ ਇੱਥੋਂ ਰੋਜ਼ਾਨਾਂ 25 ਤੋਂ 30 ਉਡਾਣਾਂ ਸਨ।

ਉਡਾਣਾਂ ਬੰਦ ਹੋਣ ਨਾਲ ਵਿਦੇਸ਼ਾ ਵਿਚ ਵਸੇ ਕਈ ਭਾਰਤੀ ਅਤੇ ਸੈਲਾਨੀ ਭਾਰਤ ਵਿਚ ਅਤੇ ਭਾਰਤੀ ਵਿਦੇਸ਼ੀ ਮੁਲਕਾਂ ਵਿਚ
ਫਸ ਗਏ ਹਨ। ਸਰਕਾਰਾਂ ਵਲੋਂ ਵਿਸ਼ੇਸ਼ ਰਾਹਤ ਵਾਲੀਆਂ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਨਾਗਰਿਕ ਆਪਣਾ ਮੁਲਕ
ਵਾਪਸ ਪਰਤ ਸਕਣ। ਇਸ ਲੇਖ ਦੇ ਲਿਖੇ ਜਾਣ ਤੱਕ ਭਾਰਤ ਅਤੇ ਵਿਦੇਸ਼ੀ ਮੁਲਕਾਂ ਦਰਮਿਆਨ ਉਡਾਣਾਂ ਦਾ ਜਲਦੀ ਸ਼ੁਰੂ ਹੋਣਾ
ਬਹੁਤ ਮੱਧਮ ਜਾਪ ਰਿਹਾ ਹੈ।

 1,974 total views

Share post on:
Exit mobile version