ਕਰੂਜ਼ ਨੇ ਮੀਡੀਆ ਵਿੱਚ ਛਪੀ ਰਿਪੋਰਟ ਦਾ ਕੀਤਾ ਖੰਡਨ
ਬ੍ਰਿਟਿਸ਼ ਏਅਰਵੇਜ਼ ਦੇ ਸਾਬਕਾ ਸੀਈਓ ਅਲੈਕਸ ਕਰੂਜ਼ ਦਾ ਏਅਰ ਇੰਡੀਆ ਦੇ ਸੀਈਓ ਬਣਨ ਦੀ ਸੰਭਾਵਨਾ ਹੈ। 55 ਸਾਲ ਦੇ ਕਰੂਜ਼ ਪੰਜ ਸਾਲ ਲਈ 2020 ਤੱਕ ਬ੍ਰਿਟਿਸ਼ ਏਅਰਵੇਜ਼ ਦੇ ਸੀਈਓ ਅਤੇ ਚੇਅਰਮੈਨ ਰਹੇ। ਇਸ ਤੋਂ ਪਹਿਲਾਂ ਉਹ ਸਪੇਨ ਦੀ ਏਅਰਲਾਈਨ ਵਿਉਲਿੰਗ ਦੇ ਸੀਈਓ ਸਨ।
ਮਹਾਂਮਾਰੀ ਦੇ ਕਾਰਨ ਬ੍ਰਿਟਿਸ਼ ਏਅਰਵੇਜ਼ ਨੇ ਅਕਤੂਬਰ 2020 ਵਿੱਚ 13,000 ਨੌਕਰੀਆਂ ਵਿੱਚ ਕਟੌਤੀ ਕੀਤੀ ਸੀ। ਉਸ ਸਮੇਂ, ਕਰੂਜ਼ ਨੇ ਏਅਰਲਾਈਨ ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ ਕੁੱਝ ਸਮੇਂ ਬਾਦ ਚੇਅਰਮੈਨ ਵਜੋਂ ਵੀ ਅਸਤੀਫਾ ਦੇ ਦਿੱਤਾ ਸੀ। ਕਰੂਜ਼ ਦੀ ਲਿੰਕਡਇਨ ਪ੍ਰੋਫਾਈਲ ਤੇ ਲਿਖਿਆ ਹੈ ਕਿ ਉਹ ਵਰਤਮਾਨ ਵਿੱਚ ਕੁਝ ਕੰਪਨੀਆਂ ਵਿੱਚ ਇੱਕ ਨਿਵੇਸ਼ਕ, ਬੋਰਡ ਮੈਂਬਰ ਅਤੇ ਸਲਾਹਕਾਰ ਹੈ। ਉਹਨਾਂ ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਤੋਂ ਉਦਯੋਗਿਕ ਇੰਜੀਨੀਅਰਿੰਗ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ ਉਹ ਬਿਜ਼ਨਸ ਸਕੂਲ ਵਿੱਚ ਇੱਕ ਪ੍ਰੋਫੈਸਰ ਵੀ ਹੈ।
ਟਾਈਮਜ਼ ਆਫ ਇੰਡੀਆ ਵਿੱਚ ਛਪੀ ਰਿਪੋਰਟ ਅਨੁਸਾਰ ਕਰੂਜ਼ ਦੀ ਚੋਣ ‘ਤੇ ਟਾਟਾ ਤੋਂ ਟਿੱਪਣੀਆਂ ਮੰਗੀਆਂ ਗਈਆਂ ਹਨ ਅਤੇ ਉਡੀਕ ਕੀਤੀ ਜਾ ਰਹੀ ਹੈ। ਟਾਟਾ ਗਰੁੱਪ ਪਿਛਲੇ ਹਫ਼ਤੇ ਏਅਰ ਇੰਡੀਆ ਦੀ ਮੁੜ ਮਾਲਕ ਬਣ ਗਈ ਸੀ। ਟਾਟਾ ਗਰੁੱਪ- ਹੁਣ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਵਿਸਤਾਰਾ ਅਤੇ ਏਅਰਏਸ਼ੀਆ ਇੰਡੀਆ ਚਲਾ ਰਿਹਾ ਹੈ।
ਉਪਰੰਤ ਡੈਕਨ ਹੈਰਲਡ ਵਿੱਚ ਛਪੀ ਰਿਪੋਰਟ ਅਨੁਸਾਰ ਐਲੇਕਸ ਕਰੂਜ਼ ਨੇ ਟਾਈਮਜ਼ ਆਫ ਇੰਡੀਆ ਵਿੱਚ ਛਪੀ ਰਿਪੋਰਟ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਏਅਰ ਇੰਡੀਆ ਦੇ ਨਵੇਂ ਸੀ.ਈ.ਓ. ਹੋ ਸਕਦੇ ਹਨ। ਟਾਟਾ ਗਰੁੱਪ ਨੇ ਵੀ ਇਸ ਸੰਬੰਧੀ ਕੁੱਝ ਕਹਿਣ ਤੋਂ ਇਨਕਾਰ ਕੀਤਾ ਹੈ।
ਸਰੋਤਃ Times Of India, Deccan Herald