By admin, Published on March 24th, 2021 in News
ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਉਡਾਣਾਂ ਅਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਉਣ ਵਾਲੇ ਗਰਮੀਆਂ ਦੇ ਮੌਸਮ ਵਿੱਚ 29 ਮਾਰਚ ਤੋਂ ਇਹ 8 ਅੰਤਰਰਾਸ਼ਟਰੀ ਅਤੇ 13 ਘਰੇਲ ਹਵਾਈ ਅੱਡਿਆਂ ਨਾਲ ਜੁੜ ਜਾਵੇਗਾ। ਏਅਰ ਲਾਈਨ ਦੇ ਖੇਤਰ ਵਿਚ ਗਰਮੀਆਂ ਦਾ ਮੌਸਮ 29 ਮਾਰਚ ਤੋਂ ਸ਼ੁਰੂ ਹੁੰਦਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੀਆਂ ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਸਕੱਤਰ ਸਮੀਪ ਸਿੰਘ ਗੁਮਟਲਾ ਨੇ ਕਿਹਾ ਕਿ ਇਹਨਾਂ ਉਡਾਣਾਂ ਦੀ ਗਿਣਤੀ ਵਧਣ ਨਾਲ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋਣ ਵਾਲੇ ਗੁਰੂ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਦੇ ਸ਼ਤਾਬਦੀ ਸਮਾਗਮਾਂ ਤੇ ਆਉਣ ਵਾਲੀ ਸੰਗਤ ਨੂੰ ਅੰਮ੍ਰਿਤਸਰ ਪਹੰਚਣ ਵਿੱਚ ਬਹੁਤ ਸਹੂਲਤ ਹੋਵੇਗੀ।
ਉਹਨਾਂ ਦੱਸਿਆ ਕਿ ਭਾਰਤ ਦੀਆਂ ਏਅਰਲਾਈਨ ਵੱਲੋਂ ਆਪਣੀ ਵੈਬਸਾਈਟ ਤੇ ਜਾਰੀ ਕੀਤੀ ਸਮਾਂ ਸੂਚੀ ਅਨੁਸਾਰ, ਇਹ ਪਹਿਲੀ ਵਾਰ ਹੈ ਕਿ ਹੁਣ ਅੰਮ੍ਰਿਤਸਰ ਦਾ ਹਵਾਈ ਅੱਡਾ, ਏਅਰ ਇੰਡੀਆ ਦੁਆਰਾ ਯੂਰਪ ਦੇ ਤਿੰਨ ਹਵਾਈ ਅੱਡੇ ਲੰਡਨ, ਬਰਮਿੰਘਮ, ਰੋਮ ਅਤੇ ਹੋਰਨਾਂ ਨਿੱਜੀ ਏਅਰਲਾਈਨ ਦੁਆਰਾ ਯੂ.ਏ.ਈ. ਦੇ ਚਾਰ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਗਿਆ ਹੈ।
ਏਅਰ ਇੰਡੀਆਂ ਨੇ ਅਸਥਾਈ ਹਵਾਈ ਸਮਝੋਤਿਆਂ ਦੇ ਤਹਿਤ, ਬਰਮਿੰਘਮ ਅਤੇ ਲੰਡਨ ਹੀਥਰੋ ਹਵਾਈ ਅੱਡੇ ਲਈ ਅਕਤੂਬਰ 2021 ਦੇ ਅੰਤ ਤੱਕ 1 ਹਫਤਾਵਾਰੀ ਉਡਾਣਾਂ ਲਈ ਬੁਕਿੰਗ ਖੋਲ੍ਹ ਦਿੱਤੀ ਹੈ। ਯੂ.ਕੇ. ਵਿੱਚ ਫੈਲੇ ਨਵੇਂ ਵਾਇਰਸ ਕਾਰਨ ਇਸ ਸਮੇਂ ਏਅਰ ਲਾਈਨਾਂ ਨੂੰ ਸਿਰਫ ਦਿੱਲੀ, ਮੁੰਬਈ ਅਤੇ ਬੰਗਲੁਰੂ ਤੋਂ ਲੰਦਨ ਲਈ ਉਡਾਣਾਂ ਭਰਨ ਦੀ ਆਗਿਆ ਹੈ।
ਗੁਮਟਾਲਾ ਅਨੁਸਾਰ ਏਅਰ ਇੰਡੀਆ ਨੇ ਆਪਣੀ ਹਫਤੇ ਵਿੱਚ ਇਕ ਦਿਨ ਚੱਲਣ ਵਾਲੀ ਅੰਮ੍ਰਿਤਸਰ-ਰੋਮ ਸਿੱਧੀ ਉਡਾਣ ਦੀ ਬੁਕਿੰਗ ਮਈ 2021 ਦੇ ਅੰਤ ਤੱਕ ਅਤੇ ਅੰਮ੍ਰਿਤਸਰ-ਦੁਬਈ ਦਰਮਿਆਨ ਚੱਲਣ ਵਾਲੀਆਂ ਦੋ ਹਫਤਾਵਾਰੀ ਉਡਾਣਾਂ ਨੂੰ ਅਕਤੂਬਰ 2021 ਦੇ ਅੰਤ ਤੱਕ ਖੋਲ ਦਿੱਤਾ ਹੈ। ਆਬੂਧਾਬੀ ਲਈ ਵੀ ਏਅਰ ਇੰਡੀਆਂ ਵਲੋਂ ਹਫਤੇ ਵਿੱਚ ਇਕ ਉਡਾਣ ਚਲਾਈ ਜਾਵੇਗੀ।
ਭਾਰਤ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਇੰਡੀਗੋ ਵੀ ਹਫਤੇ ਵਿਚ ਸ਼ਾਰਜਾਹ ਲਈ ਛੇ, ਆਬੂਧਾਬੀ ਲਈ ਇਕ ਅਤੇ ਦੁਬਈ ਲਈ ਤਿੰਨ ਉਡਾਣਾਂ ਦਾ ਸੰਚਾਲਨ ਕਰੇਗੀ। ਸਪਾਈਸਜੈੱਟ ਵਲੋਂ ਵੀ ਅਪ੍ਰੈਲ ਮਹੀਨੇ ਦੇ ਅੰਤ ਤੱਕ ਰਸ-ਅਲ-ਖੈਮਾਹ ਲਈ ਪੰਜ ਹਫਤਾਵਾਰੀ ਸਿੱਧੀਆਂ ਉਡਾਣਾਂ ਅਤੇ ਮਈ ਮਹੀਨੇ ਤੋਂ ਦੁਬਈ ਲਈ ਸਿੱਧੀਆਂ ਉਡਾਣਾਂ ਚਲਾਈਆਂ ਜਾਣਗੀਆਂ। ਏਅਰ ਇੰਡੀਆਂ ਐਕਸਪੈਸ ਵੀ ਇੱਥੋ ਰੋਜਾਨਾਂ ਦੁਬਈ ਲਈ ਉਡਾਣਾਂ ਜਾਰੀ ਰੱਖੇਗੀ ਅਤੇ ਹਫਤੇ ਵਿੱਚ ਇਕ ਦਿਨ ਆਬੂਧਾਬੀ ਲਈ ਵੀ ਉਡਾਣ ਭਰੇਗੀ।
ਗੁਮਟਾਲਾ ਨੇ ਕਿਹਾ, “ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਹੁਣ ਯੂ.ਏ.ਈ. ਦੇ ਚਾਰ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਗਿਆ ਹੈ। ਮਹਾਂਮਾਰੀ ਤੋਂ ਪਹਿਲਾਂ, ਅੰਮ੍ਰਿਤਸਰ ਸਿਰਫ ਸ਼ਾਰਜਾਹ ਅਤੇ ਦੁਬਈ ਲਈ ਸਿੱਧੀਆਂ ਉਡਾਣਾਂ ਨਾਲ ਜੁੜਿਆ ਹੋਇਆ ਸੀ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਮਹਾਂਮਾਰੀ ਤੋਂ ਪਹਿਲਾਂ ਇੱਥੋਂ ਯੂ.ਏ.ਈ. ਲਈ ਹਫਤੇ ਵਿੱਚ 21 ਉਡਾਣਾਂ ਸਨ ਅਤੇ ਇਸ ਸਾਲ 29 ਮਾਰਚ ਤੋਂ ਇਹਨਾਂ ਦੀ ਗਿਣਤੀ ਹੁਣ ਹਫਤੇ ਵਿੱਚ 26 ਹੋ ਜਾਵੇਗੀ।”
ਕਤਰ ਏਅਰਵੇਜ਼ ਦੀਆਂ ਵੀ ਦੋਹਾ ਲਈ ਤਿੰਨ ਹਫਤਾਵਾਰੀ ਸਿੱਧੀਆਂ ਜਾਰੀ ਰਹਿਣਗੀਆਂ ਅਤੇ ਉਸ ਵੱਲੌ ਭਾਰਤ ਨਾਲ ਅਸਥਾਈ ਹਵਾਈ ਸਮਝੋਤਿਆਂ ਤਹਿਤ ਯਾਤਰੀਆਂ ਨੂੰ ਹੋਰਨਾਂ ਮੁਲਕਾਂ ਨਾਲ ਵੀ ਜੋੜਿਆ ਜਾ ਰਿਹਾ ਹੈ।
ਇੰਡੀਗੋ ਅਪ੍ਰੈਲ ਦੇ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਗੋਆ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ। ਇਸ ਰੂਟ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਭਾਰਤ ਦੇ 13 ਘਰੇਲੂ ਹਵਾਈ ਅੱਡਿਆਂ, ਦਿੱਲੀ, ਮੁੰਬਈ, ਸ੍ਰੀਨਗਰ ਨਾਂਦੇੜ, ਪਟਨਾ, ਜੈਪੁਰ, ਕੋਲਕਤਾ, ਅਹਿਮਦਾਬਾਦ, ਬੰਗਲੋਰ, ਗੋਆ, ਹੈਦਰਾਬਾਦ, ਚੇਨਈ, ਗੁਵਾਹਾਟੀ ਨਾਲ ਜੁੜ ਜਾਵੇਗਾ।
ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ, “ਅੰਮ੍ਰਿਤਸਰ ਤੋਂ ਉਡਾਣਾਂ ਦੇ ਵਧਣ ਨਾਲ ਮਹਾਂਮਾਰੀ ਦੇ ਦੌਰਾਨ ਸ਼ੰਘਰਸ਼ ਕਰ ਰਹੇ ਅੰਮ੍ਰਿਤਸਰ ਦੇ ਸੈਰ-ਸਪਾਟਾ ਉਦਯੋਗ ਨੂੰ ਵੀ ਹੁਲਾਰਾ ਮਿਲੇਗਾ। ਅਸੀਂ ਏਅਰ ਇੰਡੀਆਂ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੂਰੀ ਦਾ ਧੰਨਵਾਦ ਕਰਦੇ ਹਾਂ ਤੇ ੳਹਨਾਂ ਨੂੰ ਟੋਰਾਂਟੋ ਅਤੇ ਵੈਨਕੂਵਰ ਲਈ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਬੇਨਤੀ ਕਰਦੇ ਹਾਂ।”
3,597 total views
Leave a Reply