By Sameep Singh Gumtala, Published on February 10th, 2023 in News
ਸਿੰਗਾਪੁਰ ਤੋਂ ਸਕੂਟ ਏਅਰਲਾਈਨ ਦੀ ਅੰਮ੍ਰਿਤਸਰ ਲਈ ਸਿੱਧੀ ਉਡਾਣ ਵਿੱਚ ਆ ਰਹੇ ਯਾਤਰੀਆਂ ਲਈ ਚੰਗੀ ਖ਼ਬਰ ਹੈ। ਉਹਨਾਂ ਨੂੰ ਹੁਣ ਉਡਾਣ ਲੈਣ ਤੋਂ ਪਹਿਲਾਂ ਕੋਵਿਡ ਟੈਸਟ ਅਤੇ ਏਅਰ ਸੁਵਿਧਾ ਫ਼ਾਰਮ ਨਹੀਂ ਭਰਨਾ ਪਵੇਗਾ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਥਾਈਲੈਂਡ, ਸਿੰਗਾਪੁਰ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ ਅਤੇ ਚੀਨ ਤੋਂ ਜਾਂ ਇਹਨਾਂ ਮੁਲਕਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਇਹਨਾਂ ਸ਼ਰਤਾਂ ਨੂੰ ਖਤਮ ਕਰ ਦਿੱਤਾ ਹੈ। ਇਹਨਾਂ ਛੇ ਮੁਲਕਾਂ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਦੇ ਕਾਰਨ ਭਾਰਤ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਇਹ ਨਵੇਂ ਦਿਸ਼ਾ ਨਿਰਦੇਸ਼ 13 ਫ਼ਰਵਰੀ ਨੂੰ ਸਵੇਰੇ 11 ਵਜੇ ਤੋਂ ਲਾਗੂ ਹੋਣਗੇ। ਇਸ ਸਮੇਂ ਤੋਂ ਪਹਿਲਾਂ ਇਹਨਾਂ ਮੁਲਕਾਂ ਤੋਂ ਭਾਰਤ ਪਹੁੰਚਣ ਵਾਲੇ ਯਾਤਰੀਆਂ ਨੂੰ ਮੌਜੂਦਾ ਨਿਯਮਾਂ ਅਨੁਸਾਰ ਟੈਸਟ ਕਰਵਾਓਣਾ ਪਵੇਗਾ। ਮੰਤਰਾਲੇ ਦੇ ਇਹਨਾਂ ਨਿਰਦੇਸ਼ਾਂ ਅਨੁਸਾਰ, ਕਿਸੇ ਵੀ ਮੁਲਕ ਤੋਂ ਆਓਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਵਿੱਚੋਂ 2 ਫੀਸਦੀ ਦਾ ਚੁਣੇ ਜਾਣ ਤੇ ਏਅਰਪੋਰਟ ਤੇ ਹੀ ਟੈਸਟ ਕੀਤਾ ਜਾਣਾ ਜਾਰੀ ਰਹੇਗਾ।
ਗੁਮਟਾਲਾ ਅਨੁਸਾਰ ਸਕੂਟ ਹਫਤੇ ਵਿੱਚ 5 ਦਿਨ ਸਿੰਗਾਪੁਰ – ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੀ ਹੈ। ਇਹਨਾਂ ਉਡਾਣਾਂ ਲਈ ਸਕੂਟ ਵੱਲੋਂ ਆਪਣੇ 335 ਸੀਟਾਂ ਵਾਲੇ ਵੱਡੇ ਬੋਇੰਗ ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ।
ਇਹਨਾਂ ਉਡਾਣਾਂ ‘ਤੇ ਪੰਜਾਬੀਆਂ ਦੀ ਵੱਡੀ ਗਿਣਤੀ ਆਸਟਰੇਲੀਆ ਤੋਂ ਸਿੰਗਾਪੁਰ ਰਾਹੀਂ ਅੰਮ੍ਰਿਤਸਰ ਆਉਂਦੀ ਹੈ, ਉਹਨਾਂ ਲਈ ਵੀ ਇਹ ਵੱਡੀ ਰਾਹਤ ਹੈ। ਇਸ ਨਾਲ ਉਹਨਾਂ ਦਾ ਟੈਸਟ ਕਰਵਾਓਣ ਦੀ ਖੱਜਲ-ਖ਼ੁਆਰੀ ਤੋਂ ਛੁਟਕਾਰਾ ਅਤੇ ਖ਼ਰਚਾ ਵੀ ਬਚੇਗਾ। ਭਾਰਤ ਸਰਕਾਰ ਨੇ 24 ਦਸੰਬਰ ਨੂੰ ਕੁੱਝ ਨਵੇਂ ਨਿਰਦੇਸ਼ਾਂ ਨੂੰ ਲਾਗੂ ਕੀਤਾ ਸੀ ਜਿਸ ਵਿੱਚੋਂ ਟੈਸਟ ਕਰਵਾਓਣ ਅਤੇ ਫ਼ਾਰਮ ਭਰਣ ਵਾਲੇ ਨਿਯਮ ਨੂੰ ਹੁਣ ਵਾਪਸ ਲਿਆ ਗਿਆ ਹੈ।
Leave a Reply