ਵਲੋਂ: ਰਵਰੀਤ ਸਿੰਘ
ਕੈਨੇਡਾ ਦੀ ਏਅਰਲਾਈਨ, ਏਅਰ ਕੈਨੇਡਾ ਨੇ ਇਕ ਵਾਰ ਫਿਰ ਤੋਂ ਭਾਰਤ ਲਈ ਆਪਣੀਆਂ ਉਡਾਣਾਂ ਦੀ ਮੁਅੱਤਲੀ ਵਧਾ ਦਿੱਤੀ ਹੈ, ਪਰ ਕੈਨੇਡਾ ਦੀ ਸਰਕਾਰ ਨੇ ਇਹਨਾਂ ਉਡਾਣਾਂ ਦੀ ਪਾਬੰਦੀ ਨੂੰ ਹਾਲੇ 21 ਜੂਨ ਤੋਂ ਅਗਾਂਹ ਜਾਰੀ ਰੱਖਣ ਦਾ ਐਲਾਨ ਨਹੀਂ ਕੀਤਾ ਹੈ।
ਭਾਰਤ ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦਿਆਂ ਏਅਰ ਕੈਨੇਡਾ ਨੇ ਆਪਣੀ ਵੈਬਸਾਈਟ ‘ਤੇ ਲਿਖਿਆ, ”ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਟੋਰਾਂਟੋ ਤੋਂ ਦਿੱਲੀ ਲਈ ਉਡਾਣਾਂ 29 ਜੁਲਾਈ, 2021 ਨੂੰ ਅਤੇ 31 ਜੁਲਾਈ ਨੂੰ ਵੈਨਕੂਵਰ ਤੋਂ ਉਡਾਣਾਂ ਮੁੜ ਸ਼ੁਰੂ ਹੋ ਰਹੀਆਂ ਹਨ। 22 ਅਪ੍ਰੈਲ, 2021 ਨੂੰ ਦਿੱਲੀ ਤੋਂ ਏਅਰ ਕਨੇਡਾ ਦੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ, ਜਿਵੇਂ ਕਿ ਕੈਨੇਡਾ ਸਰਕਾਰ ਵਲੋਂ ਭਾਰਤ ਤੋਂ ਸਿੱਧੀਆਂ ਯਾਤਰੀਆਂ ਦੀਆਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।”
22 ਅਪ੍ਰੈਲ ਨੂੰ ਕੈਨੇਡਾ ਸਰਕਾਰ ਨੇ 22 ਮਈ 2021 ਤੱਕ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਨਿਰਧਾਰਿਤ ਯਾਤਰੀਆਂ ਅਤੇ ਚਾਰਟਰਾਂ ਉਡਾਣਾਂ ‘ਤੇ 30 ਦਿਨਾਂ ਦੀ ਪਾਬੰਦੀ ਦਾ ਐਲਾਨ ਕੀਤਾ ਸੀ, ਜਿਸ ਨੂੰ ਅੱਗੇ 22 ਜੂਨ ਤੱਕ ਵਧਾ ਦਿੱਤਾ ਗਿਆ।
ਇਸ ਵੇਲੇ ਕੈਨੇਡਾ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੇ ਅਨੁਸਾਰ, ਯਾਤਰੀ ਹਾਲੇ ਵੀ ਭਾਰਤ ਤੋਂ ਕੈਨੇਡਾ ਲਈ ਕਿਸੇ ਤੀਜੇ ਦੇਸ਼ ਰਾਹੀਂ ਕੈਨੇਡਾ ਲਈ ਉਡਾਣ ਭਰ ਸਕਦੇ ਹਨ ਪਰ ਇਨ੍ਹਾਂ ਯਾਤਰੀਆਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੀ ਰਵਾਨਗੀ ਦੇ ਆਖਰੀ ਮੁਲਕ ਤੋਂ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਦੀ ਜ਼ਰੂਰਤ ਹੋਏਗੀ।
2,657 total views