By , Published on August 3rd, 2021 in News

ਏਅਰ ਇੰਡੀਆ ਅਗਸਤ ਦੇ ਮਹੀਨੇ ਭਾਰਤ ਤੋਂ ਆਪਣੀਆਂ ਅਮਰੀਕਾ ਲਈ ਉਡਾਣਾਂ ਵਿੱਚ ਵਾਧਾ ਕਰ ਰਹੀ ਹੈ। ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਕਲਾਸਾਂ ਅਗਸਤ ਦੇ ਆਖਰੀ ਦੋ ਹਫ਼ਤੇ ਜਾਂ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਅਰੰਭ ਹੁੰਦੀਆਂ ਹਨ। ਇਸ ਦੌਰਾਨ ਭਾਰਤ ਤੋਂ ਹਰ ਸਾਲ ਹਜ਼ਾਰਾਂ ਵਿਦਿਆਰਥੀ ਜੁਲਾਈ ਦੇ ਅੰਤ ਜਾਂ ਅਗਸਤ ਮਹੀਨੇ ਅਮਰੀਕਾ ਪਹੁੰਚਦੇ ਹਨ। ਤਾਲਾਬੰਦੀ ਕਾਰਨ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀਜ਼ੇ ਨਹੀ ਸਨ ਲੈ ਸਕੇ ਤੇ ਉਹਨਾਂ ਨੂੰ ਆਪਣੀ ਯਾਤਰਾ ਵੀ ਕਰੋਨਾ ਦੇ ਵੱਧ ਰਹੇ ਮਰੀਜ਼ਾਂ ਕਾਰਨ ਰੱਦ ਕਰਨੀ ਪਈ ਸੀ।

ਏਅਰ ਇੰਡੀਆਂ ਨੇ ਹਫ਼ਤੇ ਵਿੱਚ ਆਪਣੀ ਉਡਾਣਾਂ ਦੀ ਗਿਣਤੀ ਲਗਭਗ ਦੁੱਗਣੀ ਕਰਕੇ 21 ਕਰ ਦਿੱਤੀ ਹੈ ਜਿਸ ਵਿੱਚ ਨਿਉਯਾਰਕ ਲਈ ਸਭ ਤੋਂ ਵੱਧ ਉਡਾਣਾਂ ਹਨ। ਇਹ ਕਦਮ ਏਅਰ ਇੰਡੀਆ ਵੱਲੋਂ ਉਦੋਂ ਲਿਆ ਗਿਆ ਜਦੋਂ ਅਮਰੀਕਾ ਲਈ ਟਿਕਟਾਂ ਦੀਆਂ ਕੀਮਤਾਂ ਵਿੱਚ 10 ਗੁਣਾ ਵਾਧਾ ਹੋਇਆ ਹੈ, ਕਿਉਂਕਿ ਕਰੋਨਾ ਕਾਰਨ ਉਡਾਣਾਂ ਸੀਮਤ ਹਨ ਅਤੇ ਯਾਤਰਾਂ ਕਰਨ ਵਾਸਤੇ ਟਿਕਟ ਖਰੀਦਣ ਵਾਲ਼ਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।

ਉਡਾਣਾਂ ਵਿੱਚ ਵਾਧਾ 7 ਅਗਸਤ ਤੋਂ ਲਾਗੂ ਹੋ ਰਿਹਾ ਹੈ ਜਿਸ ਵਿੱਚ ਨਿਉਯਾਰਕ, ਨਿਉ ਜਰਸੀ (ਜੇਐਫਕੇ ਅਤੇ ਨੇਵਾਰਕ ਏਅਰਪੋਰਟ), ਸ਼ਿਕਾਗੋ ਅਤੇ ਸਾਨ ਫਰਾਂਸਿਸਕੋ ਲਈ ਉਡਾਣਾਂ ਸ਼ਾਮਲ ਹਨ। ਹਾਲਾਂਕਿ, ਯਾਤਰੀਆਂ ਦੇ ਵਾਧੇ ਨੂੰ ਪੂਰਾ ਕਰਨ ਲਈ ਇਹ ਕਾਫ਼ੀ ਨਹੀਂ ਹੈ।

ਏਅਰ ਇੰਡੀਆ ਨੇ 6, 13, 20 ਅਤੇ 27 ਅਗਸਤ ਨੂੰ ਦਿੱਲੀ ਤੋਂ ਨੇਵਾਰਕ ਲਈ ਹੋਰ ਵਿਸ਼ੇਸ਼ ਉਡਾਣਾਂ ਦਾ ਵੀ ਐਲਾਨ ਕੀਤਾ ਹੈ। ਇਸ ਨੇ ਕੀਮਤਾਂ ਨੂੰ ਥੋੜ੍ਹਾ ਹੇਠਾਂ ਲਿਆਉਣ ਵਿੱਚ ਸਹਾਇਤਾ ਕੀਤੀ ਹੈ, ਪਰ ਟਿਕਟਾਂ ਪਹਿਲਾਂ ਨਾਲੋਂ ਹਾਲੇ ਵੀ ਬਹੁਤ ਮਹਿੰਗੀਆਂ ਹਨ।

ਸਰੋਤ: ਟਵੀਟਰ

ਇਹਨਾਂ ਉਡਾਣਾਂ ਨਾਲ ਅੰਮ੍ਰਿਤਸਰ ਤੋਂ ਵੀ ਯਾਤਰੀਆਂ ਨੂੰ ਫ਼ਾਇਦਾ ਹੋਵੇਗਾ ਜੋ ਕਿ ਏਅਰ ਇੰਡੀਆ ਦੀ ਰਾਤ 10:50 ਵਜੇ ਰਵਾਨਾ ਹੋਣ ਵਾਲੀ ਅੰਮ੍ਰਿਤਸਰ-ਦਿੱਲੀ ਉਡਾਣ ਰਾਹੀਂ ਸਿਰਫ ਦੋ ਤੋਂ ਚਾਰ ਘੰਟਿਆਂ ਬਾਦ ਦਿੱਲੀ ਤੋਂ ਅਮਰੀਕਾ ਦੀ ਉਡਾਣ ਲੈ ਸਕਣਗੇ। ਹਾਲਾਂਕਿ ਏਅਰ ਇੰਡੀਆ ਦੀ ਵੈਬਸਾਈਟ, ਬੁਕਿੰਗ ਚੈੱਕ ਕਰਨ ਤੇ ਬਹੁਤੀਆਂ ਉਡਾਣਾਂ ਪੂਰੀ ਤਰਾਂ ਵਿਕੀਆਂ ਹੋਈਆਂ ਦੱਸਦੀ ਹੈ ਤੇ ਇਕ ਵੀ ਸੀਟ ਖਰੀਦਣ ਲਈ ਉਪਲੱਬਧ ਨਹੀਂ ਹੈ।

ਯੂਨੀਵਰਸਿਟੀ ਦੀਆਂ ਕਲਾਸਾਂ ਆਮ ਤੌਰ ‘ਤੇ ਅਗਸਤ ਦੇ ਆਖਰੀ ਦੋ ਹਫਤਿਆਂ ਵਿੱਚ ਅਰੰਭ ਹੁੰਦੀਆਂ ਹਨ, ਜਿਸ ਨਾਲ ਏਅਰਲਾਈਨਾਂ ਨੂੰ ਵੱਧ ਯਾਤਰੀਆਂ ਦੀ ਗਿਣਤੀ ਮਿਲਦੀ ਹੈ। ਹਾਲਾਂਕਿ ਇਸ ਸਾਲ ਸਿਰਫ ਵਿਦਿਆਰਥੀ ਵੀਜ਼ਾ ਵਾਲੇ ਹੀ ਯਾਤਰਾ ਕਰ ਸਕਦੇ ਹਨ, ਅਤੇ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਵੀਜ਼ੀਟਰ ਵੀਜ਼ਾ ਵਾਲੇ ਨਹੀਂ। ਇਹ ਸਪੱਸ਼ਟ ਹੈ ਕਿ ਏਅਰ ਇੰਡੀਆ ਜਾਂ ਫਿਰ ਅਮਰੀਕਾ ਦੀ ਏਅਰਲਾਈਨ ਯੁਨਾਈਟਿਡ ਨੇ ਯਾਤਰੀਆਂ ਦੇ ਇਸ ਵਾਧੇ ਲਈ ਤਿਆਰੀ ਨਹੀਂ ਸੀ ਕੀਤੀ ਤਾਂ ਜੋ ਉਡਾਣਾਂ ਦੀ ਗਿਣਤੀ ਨੂੰ ਵਧਾਇਆ ਜਾਵੇ।

ਯੁਨਾਈਟਿਡ ਦੀਆਂ ਵੀ ਭਾਰਤ ਤੋਂ ਅਮਰੀਕਾ ਲਈ ਸਿੱਧੀਆਂ ਉਡਾਣਾਂ ਹਨ

ਇਸ ਸਮੇਂ, ਅਗਸਤ ਦੇ ਦੂਜੇ ਹਫ਼ਤੇ ਲਈ ਨਵੀਂ ਦਿੱਲੀ ਤੋਂ ਨਿਉਯਾਰਕ ਦੇ ਜੇਐਫਕੇ ਹਵਾਈ ਅੱਡੇ ਲਈ ਇੱਕਤਰਫ਼ਾ ਉਡਾਣ ਦੀ ਕੋਈ ਵੀ ਸੀਟ ਏਅਰ ਇੰਡੀਆ ਦੀ ਵੈਬਸਾਈਟ ਤੇ ਉਪਲੱਬਧ ਨਹੀਂ ਹੈ ਤੇ ਇਹ “ਸੋਲਡ ਆਉਟ” ਦਿਖਾ ਰਹੀ ਹੈ। ਕਿਸੇ ਵੇਲੇ ਜਦ ਸੀਟ ਉਪਲੱਬਧ ਹੁੰਦੀ ਹੈ ਤਾਂ ਕਿਰਾਇਆ 357,000 ਰੁਪਏ (4,800 ਡਾਲਰ) ਜਾਂ ਇਸ ਤੋੰ ਵੀ ਵੱਧ ਹੁੰਦਾ ਹੈ। ਇਹ ਇਕਾਨਮੀ ਕਲਾਸ ਦੀ ਟਿਕਟ ਦੀ ਕੀਮਤ ਹੈ। ਇੱਥੋਂ ਤੱਕ ਕਿ ਕੁਝ ਉਡਾਣਾਂ ‘ਤੇ ਬਿਜ਼ਨਸ ਕਲਾਸ ਦੀਆਂ ਹੋਰ ਮਹਿੰਗੀਆਂ ਟਿਕਟਾਂ ਵੀ ਨਹੀਂ ਮਿਲ ਰਹੀਆਂ।

ਟਿਕਟਾਂ ਦੀਆਂ ਕੀਮਤਾਂ ਸਿਰਫ ਅਗਸਤ ਦੇ ਆਖਰੀ ਹਫਤੇ ਵਿੱਚ ਘਟਣੀਆਂ ਸ਼ੁਰੂ ਹੁੰਦੀਆਂ ਹਨ, ਕਿਉਂਕਿ ਉਸ ਵੇਲੇ ਕਲਾਸਾਂ ਸ਼ੁਰੂ ਹੋ ਚੁੱਕੀਆਂ ਹੋਣਗੀਆਂ। ਅਗਲੇ 15 ਦਿਨਾਂ ਵਿੱਚ ਯਾਤਰਾ ਕਰਨ ਦੀ ਉਮੀਦ ਰੱਖਣ ਵਾਲੇ ਬਹੁਤ ਸਾਰੇ ਲੋਕਾਂ ਲਈ ਇਹ ਵਾਧੂ ਉਡਾਣਾਂ ਸ਼ਾਇਦ ਕੁੱਝ ਰਾਹਤ ਦੇਣ, ਪਰ ਕਿਸੇ ਵੀ ਜ਼ਿਆਦਾ ਮੰਗ ਵਾਲੇ ਰੂਟ ਲਈ ਜਿੰਨੀ ਛੇਤੀ ਸੰਭਵ ਹੋ ਸਕੇ ਬੁਕਿੰਗ ਕਰਨਾ ਮਹੱਤਵਪੂਰਣ ਹੈ। ਇਸ ਲਈ ਹੋਰ ਘੱਟ ਕੀਮਤਾਂ ਦੀ ਉਮੀਦ ਨਾ ਰੱਖੋ।

ਆਮ ਤੌਰ ‘ਤੇ, ਏਅਰਲਾਈਨਜ਼ ਯੂਨੀਵਰਸਿਟੀ ਵਿਦਿਆਰਥੀਆਂ ਦੀ ਯਾਤਰਾ ਦੇ ਮੱਦੇਨਜਰ ਚੰਗੀ ਤਰ੍ਹਾਂ ਤਿਆਰ ਹੁੰਦੀਆਂ ਹਨ ਅਤੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਮਹੀਨਿਆਂ ਪਹਿਲਾਂ ਕਈ ਸਕੀਮਾਂ ਅਤੇ ਛੋਟਾਂ ਵੀ ਦਿੰਦੀਆਂ ਹਨ। ਕੋਵਿਡ ਨੇ ਅਮਰੀਕਾ ਅਤੇ ਭਾਰਤ ਦੇ ਵਿੱਚ ਹਵਾਈ ਸੰਪਰਕ ਨੂੰ ਘੱਟ ਕਰ ਦਿੱਤਾ ਹੈ। ਮਈ ਮਹੀਨੇ ਵਿੱਚ ਅਮਰੀਕਾ ਦੀ ਯਾਤਰਾ ਲਈ ਪਾਬੰਦੀ ਦੇ ਕਾਰਨ ਏਅਰ ਇੰਡੀਆ ਅਤੇ ਯੂਨਾਈਟਿਡ ਦੋਵਾਂ ਨੇ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਘੱਟ ਕਰ ਦਿੱਤਾ ਸੀ ਜਿਸ ਕਾਰਨ ਹੁਣ ਸਿਰਫ ਅਮਰੀਕਾ ਨਿਵਾਸੀ ਅਤੇ ਵਿਦਿਆਰਥੀ ਹੀ ਯਾਤਰਾ ਕਰ ਸਕਦੇ ਹਨ।

ਭਾਰਤ ਸਰਕਾਰ ਦੇ ਅੰਤਰਰਾਸ਼ਟਰੀ ਉਡਾਣਾਂ ‘ਤੇ ਨਿਰੰਤਰ ਪਾਬੰਦੀ ਜਾਰੀ ਰੱਖਣ ਕਾਰਨ ਭਾਰਤ ਤੋਂ ਖਾੜੀ ਮੁਲਕਾਂ ਜਾਂ ਯੂਰਪ ਰਾਹੀਂ ਉਡਾਣਾਂ ਬਹੁਤ ਘੱਟ ਹਨ। ਅਮੀਰਾਤ, ਇਤਿਹਾਦ ਵਰਗੀਆਂ ਏਅਰਲਾਈਨਾਂ ਯਾਤਰੀਆਂ ਨੂੰ ਦੁਬਈ ਜਾਂ ਆਬੂਦਾਬੀ ਰਾਹੀਂ ਲਿਜਾਣ ਵਿੱਚ ਅਸਮਰੱਥ ਹਨ।

ਇਨ੍ਹਾਂ ਕਾਰਨਾਂ ਕਰਕੇ ਸੀਮਤ ਸਿੱਧੀਆਂ ਉਡਾਣਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਏਅਰ ਇੰਡੀਆ ਵੱਲੋਂ ਉਡਾਣਾਂ ਦੀ ਵਧਾਈ ਗਿਣਤੀ ਕੁਝ ਯਾਤਰੀਆਂ ਦੀ ਮਦਦ ਕਰੇਗੀ। ਇਹਨਾਂ ਨਵੀਂਆਂ ਉਡਾਣਾਂ ਸੰਬੰਧੀ ਟਵਿੱਟਰ ਅਤੇ ਖੋਜ ਇੰਜਣਾਂ ਜਿਵੇਂ ਕਿ ਗੁਗਲ ਫਲਾਈਟਸ ‘ਤੇ ਨਜ਼ਰ ਰੱਖੋ ਤਾਂ ਜੋ ਨਵੀਆਂ ਉਡਾਣਾਂ ਦਾ ਪਤਾ ਲਗਾਇਆ ਜਾ ਸਕੇ। ਮਈ ਤੋਂ ਪਹਿਲਾਂ 40 ਹਫਤਾਵਾਰੀ ਸੇਵਾਵਾਂ ਸਨ ਤੇ ਹੁਣ ਇਹਨਾਂ ਘੱਟ ਉਡਾਣਾਂ ਦੇ ਨਾਲ, ਕੀਮਤਾਂ ਵੱਧ ਹੀ ਰਹਿਣਗੀਆਂ।

 1,767 total views

Share post on:

Leave a Reply

This site uses Akismet to reduce spam. Learn how your comment data is processed.