Site icon FlyAmritsar Initiative

ਅੰਮ੍ਰਿਤਸਰ ਨੇ ਜਿੱਤੀਆ ਟਾਟਾ ਦਾ ਵਿਸ਼ਵਾਸ: ਏਅਰ ਇੰਡੀਆ ਵੱਲੋਂ ਲੰਡਨ ਹੀਥਰੋ-ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਿੱਚ ਵਾਧਾ

ਪੰਜਾਬੀ ਭਾਈਚਾਰੇ ਵਲੋਂ ਏਅਰ ਇੰਡੀਆ ਦੇ ਫੈਸਲੇ ਦਾ ਸਵਾਗਤ

ਫਰਵਰੀ 15, 2022:- ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਅੰਮ੍ਰਿਤਸਰ ਵਿਕਾਸ ਮੰਚ, ਅਤੇ ਸੇਵਾ ਟਰੱਸਟ ਯੂ.ਕੇ. , ਯੂ.ਕੇ. ਅਤੇ ਕੈਨਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਟਾਟਾ ਗਰੁੱਪ ਅਧੀਨ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਨੂੰ 27 ਮਾਰਚ ਤੋਂ ਹਫ਼ਤੇ ਵਿੱਚ ਇਕ ਦਿਨ ਤੋਂ ਵਧਾ ਕੇ ਹਰ ਹਫ਼ਤੇ ਤਿੰਨ ਉਡਾਣਾਂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਸਮੀਪ ਸਿੰਘ ਗੁਮਟਾਲਾ

ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ (ਯੂਐਸਏ) ਅਤੇ ਸੇਵਾ ਟਰੱਸਟ ਯੂ.ਕੇ ਦੇ ਸੰਸਥਾਪਕ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਰੋਨਾ ਮਹਾਂਮਾਰੀ ਅਤੇ ਨਿਯਮਤ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਦੇ ਵਿਚਕਾਰ ਇਸ ਪ੍ਰਸਿੱਧ ਉਡਾਣ ਦੀ ਗਿਣਤੀ ਵਿੱਚ ਵਾਧਾ ਯੂਕੇ ਵਿੱਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਲਈ ਚੰਗੀ ਖ਼ਬਰ ਲੈ ਕੇ ਆਇਆ ਹੈ।

ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਤਾਜ਼ਾ ਸਮਾਸੂਚੀ ਅਨੁਸਾਰ, ਏਅਰ ਇੰਡੀਆ ਦੀ ਉਡਾਣ ਏਆਈ 170 ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਲੰਡਨ ਹੀਥਰੋ ਤੋਂ ਉਡਾਣ ਭਰੇਗੀ ਅਤੇ ਅੰਮ੍ਰਿਤਸਰ ਤੋਂ ਉਡਾਣ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਰਵਾਨਾ ਹੋਵੇਗੀ। ਏਅਰ ਇੰਡੀਆ ਇਸ ਰੂਟ ‘ਤੇ 256 ਸੀਟਾਂ ਵਾਲਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਚਲਾਉਂਦੀ ਹੈ ਜਿਸ ਵਿੱਚ 238 ਇਕੋਨੋਮੀ ਅਤੇ 18 ਬਿਜ਼ਨਸ ਕਲਾਸ ਸੀਟਾਂ ਹਨ। ਇਹਨਾਂ ਸਿੱਧੀਆਂ ਉਡਾਣਾਂ ਦੀ ਬੁਕਿੰਗ ਅਕਤੂਬਰ 2022 (ਏਅਰਲਾਈਨਾਂ ਲਈ ਗਰਮੀਆਂ ਦੀ ਸਮਾਂ-ਸਾਰਣੀ ਦੇ ਅੰਤ) ਤੱਕ ਉਪਲਬਧ ਹੈ। ਵਰਤਮਾਨ ਵਿੱਚ, ਭਾਰਤ ਅਤੇ ਬ੍ਰਿਟੇਨ ਦਰਮਿਆਨ ਉਡਾਣਾਂ ਭਾਰਤ ਦੁਆਰਾ ਕਈ ਦੇਸ਼ਾਂ ਨਾਲ ਕੀਤੇ ਗਏ ਅਸਥਾਈ ਹਵਾਈ ਸਮਝੌਤਿਆਂ (ਏਅਰ ਬੱਬਲ) ਦੇ ਤਹਿਤ ਚੱਲ ਰਹੀਆਂ ਹਨ।

ਗੁਮਟਾਲਾ ਦੇ ਦੱਸਿਆ ਕਿ ਏਅਰ ਇੰਡੀਆ ਇਸ ਵੇਲੇ ਹਫ਼ਤੇ ਵਿੱਚ ਇਕ ਦਿਨ ਸਿੱਧੀ ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਚਲਾ ਰਹੀ ਹੈ। ਸਾਨੂੰ ਉਮੀਦ ਹੈ ਕਿ ਭਵਿੱਖ ਵਿੱਚ ਏਅਰ ਬੱਬਲ ਖਤਮ ਹੋਣ ਤੋਂ ਬਾਦ ਇਹਨਾਂ ਉਡਾਣਾਂ ਦੀ ਗਿਣਤੀ ਵੀ ਵਧੇਗੀ। ਉਨ੍ਹਾਂ ਅੱਗੇ ਕਿਹਾ, “ਸਿੱਧੀਆਂ ਉਡਾਣਾਂ ਵਿੱਚ ਵਾਧੇ ਨਾਲ ਪੰਜਾਬ ਅਤੇ ਯੂਕੇ ਦਰਮਿਆਨ ਹਵਾਈ ਸਫਰ ਸਿਰਫ਼ 8-9 ਘੰਟਿਆਂ ਵਿੱਚ ਪੂਰਾ ਹੋ ਜਾਂਦਾ ਹੈ ਅਤੇ ਯਾਤਰੀ ਦਿੱਲੀ ਰਾਹੀਂ ਹੁੰਦੀ ਖੱਜਲ ਖ਼ੁਆਰੀ ਤੋਂ ਵੀ ਬੱਚ ਸਕਣਗੇ। ਇਹਨਾਂ ਉਡਾਣਾਂ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇੱਥੋਂ ਤੱਕ ਕਿ ਉਦਯੋਗ ਅਤੇ ਕਿਸਾਨਾਂ ਨੂੰ ਵੀ ਯੂਕੇ ਲਈ ਵਧੇਰੇ ਸਿੱਧੀਆਂ ਉਡਾਣਾਂ ਦਾ ਲਾਭ ਹੋਵੇਗਾ ਕਿਉਂਕਿ ਉਹ ਕਾਰਗੋ ਭੇਜਣ ਦੇ ਯੋਗ ਹੋਣਗੇ।

ਚਰਨ ਕੰਵਲ ਸਿੰਘ ਸੇਖੋਂ

ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਚੇਅਰਮੈਨ, ਚਰਨ ਕੰਵਲ ਸਿੰਘ ਸੇਖੋਂ,  ਜਿਨ੍ਹਾਂ ਨੂੰ ਹਾਲ ਹੀ ਵਿੱਚ ਯੂਕੇ ਦੇ ਵੱਖ-ਵੱਖ ਭਾਈਚਾਰਿਆਂ ਲਈ ਯੋਗਦਾਨ ਅਤੇ ਸਮਾਜ ਸੇਵਾ ਲਈ ਗ੍ਰੇਟ ਬ੍ਰਿਟੇਨ ਦੀ ਮਹਾਰਾਣੀ ਦੁਆਰਾ ਰਾਸ਼ਟਰੀ ਸਨਮਾਨ (ਐਮਬੀਈ) ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਕਿਹਾ, ‘ਸੇਵਾ ਟਰੱਸਟ ਯੂਕੇ ਦੇ ਸਮੂਹ ਮੈਂਬਰਾਂ ਦੀ ਤਰਫ਼ੋਂ, ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਅਤੇ ਟਾਟਾ /ਏਅਰ ਇੰਡੀਆ ਦੁਆਰਾ ਦੇ ਨਵੇਂ ਪ੍ਰਬੰਧਕਾਂ ਦੇ ਇਸ ਸ਼ਾਨਦਾਰ ਫੈਸਲੇ ਲਈ ਦਿਲੋਂ ਧੰਨਵਾਦੀ ਹਾਂ।

ਯੂ.ਕੇ. ਵਿੱਚ ਰਹਿੰਦੇ ਸਮੁੱਚੇ ਪੰਜਾਬੀ ਅਤੇ ਭਾਰਤੀ ਪ੍ਰਵਾਸੀਆਂ ਦੇ ਫਾਇਦੇ ਲਈ ਜੋ ਸਿੱਧੇ ਪੰਜਾਬ ਦੀ ਹਵਾਈ ਯਾਤਰਾ ਕਰਨਾ ਚਾਹੁੰਦੇ ਹਨ, ਅਸੀਂ ਅੰਮ੍ਰਿਤਸਰ ਵਿਕਾਸ ਮੰਚ ਦੇ ਨਾਲ ਮਿਲ ਕੇ ਪਿਛਲੇ ਪੰਜ ਸਾਲਾਂ ਤੋਂ ਇਸ ਲਈ ਸਾਂਝੀ ਮੁਹਿੰਮ ਚਲਾਈ ਹੈ ਅਤੇ ਬਹੁਤ ਹੀ ਲਗਨ ਨਾਲ ਕੰਮ ਕੀਤਾ ਹੈ। ਅਸੀਂ ਇਸ ਮੁੱਦੇ ਨੂੰ ਭਾਰਤ, ਪੰਜਾਬ ਅਤੇ ਯੂ.ਕੇ. ਸਰਕਾਰ, ਯੂਕੇ ਦੇ ਭਾਰਤੀ ਹਾਈ ਕਮਿਸ਼ਨ ਦੇ ਨਾਲ-ਨਾਲ ਭਾਰਤ ਦੇ ਹਵਾਬਾਜੀ ਮੰਤਰਾਲੇ ਅਤੇ ਏਅਰ ਇੰਡੀਆ ਕੋਲ ਉਠਾਇਆ ਹੈ ਅਤੇ ਲੰਡਨ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਇਸ ਮੰਗ ਨੂੰ ਉਜਾਗਰ ਕੀਤਾ ਹੈ। ਅਸੀਂ ਭਾਰਤ ਸਰਕਾਰ, ਏਅਰ ਇੰਡੀਆ ਅਤੇ ਸ਼੍ਰੀ ਹਰਦੀਪ ਸਿੰਘ ਪੁਰੀ ਦਾ 2019 ਵਿੱਚ ਗੁਰੂ ਨਾਨਕ ਦੇਵ ਜੀ 550 ਸਾਲਾਂ ਗੁਰਪੂਰਬ ਮੋਕੇ ਲੰਡਨ ਸਟੈਨਸਟੇਡ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਅਤੇ ਹੁਣ ਟਾਟਾ ਵਲੋਂ ਮਾਰਚ ਤੋਂ ਲੰਡਨ ਹੀਥਰੋ ਲਈ ਉਡਾਣਾਂ ਦੀ ਗਿਣਤੀ ਵਧਾਉਣ ਦੇ ਫੈਸਲਾ ਲਈ ਧੰਨਵਾਦੀ ਹਾਂ।

ਸਰੋਤ: ਏਅਰ ਇੰਡੀਆ (www.airindia.in)

ਓਧਰ ਕੈਨੇਡਾ ਤੌਂ ਫ਼੍ਲਾਇ ਅੰਮ੍ਰਿਤਸਰ ਅਭਿਆਨ ਦੇ ਉੱਤਰੇ ਅਮਰੀਕਾ ਵਾਲੇ ਕੰਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕਹਾ ਹੈ ਕਿ “ਅਸੀਂ ਸਾਰੇ ਯਾਤਰੀਆਂ ਨੂੰ ਜੋ ਸਿੱਧਾ ਪੰਜਾਬ ਜਾਣਾ ਚਾਹੁੰਦੇ ਹਨ, ਨੂੰ ਇਨ੍ਹਾਂ ਸਿੱਧੀਆਂ ਹਵਾਈ ਉਡਾਨਾਂ ਤੇ ਹੀ ਜਾਣ ਦੀ ਅਪੀਲ ਕਰਨਾ ਚਾਹਾਂਗਾ, ਤਾਂ ਜੋ ਇਹਨਾਂ ਦੀ ਕਾਮਯਾਬੀ ਨਾਲ ਹੋਰ ਵੀ ਏਅਰਲਾਈਨਾਂ ਉਡਾਣਾਂ ਸ਼ੁਰੂ ਕਰ ਸਕਣ।

ਉਨ੍ਹਾਂ ਦੱਸਿਆ ਕਿ ਇੰਝ ਅਸੀਂ ਹੋਰ ਹਵਾਈ ਕੰਪਣੀਆਂ (ਏਅਰਲਾਈਨਾਂ) ਨੂੰ ਪੰਜਾਬ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਉਤਸ਼ਾਹਿਤ ਵਾਸਤੇ ਆਪਣੀ ਮੁਹਿੰਮ ਜਾਰੀ ਰੱਖਾਂਗੇ ਕਿਉਂਕਿ ਲੰਡਨ ਰਾਹੀਂ ਕੈਨੇਡਾ, ਅਮਰੀਕਾ ਅਤੇ ਯੂਰਪ ਵੱਲ ਸੁਵਿਧਾਜਨਕ ਸੁਖਾਲ਼ਾ ਸੰਪਰਕ ਵੀ ਬਣ ਸਕਦਾ ਹੈ। ਯਾਦ ਰਹੇ ਕਿ ਇਨ੍ਹਾਂ ਮੁਲਕਾਂ ਵਿੱਚ ਪੰਜਾਬੀ ਭਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਵੱਸਦਾ ਹੈ।

Share post on:
Exit mobile version