By Sameep Singh Gumtala, Published on June 14th, 2024 in News
ਵਲੋਂ: ਸਮੀਪ ਸਿੰਘ ਗੁਮਟਾਲਾ
ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ 12 ਜੂਨ, 2024 ਦਾ ਦਿਨ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਦਿਨ ਸੀ। ਇਸ ਦਿਨ ਮਲੇਸ਼ੀਆ ਏਅਰਲਾਈਨਜ਼ ਨੇ ਆਪਣੇ ਕੁਆਲਾਲੰਪੁਰ-ਅੰਮ੍ਰਿਤਸਰ ਰੂਟ ‘ਤੇ ਪਹਿਲੀ ਵਾਰ ਆਪਣੇ ਵਾਈਡ-ਬਾਡੀ ਏਅਰਬੱਸ ਏ330 ਜਹਾਜ਼ ਦਾ ਸੰਚਾਲਨ ਕੀਤਾ। ਨਵੰਬਰ 2023 ‘ਚ ਸ਼ੁਰੂ ਹੋਈਆਂ ਉਡਾਣਾਂ ਨੂੰ ਮਿਲੇ ਭਰਵੇਂ ਹੁੰਗਾਰੇ ਕਾਰਨ ਮਲੇਸ਼ੀਆ ਏਅਰਲਾਈਨਜ਼ ਨੇ ਜੂਨ ਮਹੀਨੇ ਖਾਸਕਰ ਗਰਮੀਆਂ ਦੀਆਂ ਛੁੱਟੀਆਂ ਲਈ ਆਪਣੇ ਵਾਈਡ-ਬਾਡੀ ਜਹਾਜ਼ ਦਾ ਸੰਚਾਲਨ ਕਰ ਰਹੀ ਹੈ। ਇਹ ਸਕਾਰਾਤਮਕ ਤਬਦੀਲੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਅਣਥੱਕ ਯਤਨਾਂ ਸਦਕਾ, ਪੰਜਾਬੀਆਂ ਅਤੇ ਵਿਸ਼ਵ ਭਰ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਸਮਰਪਣ ਅਤੇ ਅਟੁੱਟ ਸਮਰਥਨ ਦੁਆਰਾ ਹੀ ਸੰਭਵ ਹੋ ਸਕਿਆ ਹੈ।
ਰੂਟ ਦੀ ਸਫਲਤਾ ਅਤੇ ਵਿਸਥਾਰ
ਮਲੇਸ਼ੀਆ ਏਅਰਲਾਈਨਜ਼ ਦੁਆਰਾ ਨਵੰਬਰ 2023 ਵਿੱਚ 174 ਸੀਟਾਂ ਵਾਲੇ ਬੋਇੰਗ 737 ਏਅਰਕ੍ਰਾਫਟ ਨਾਲ ਕੁਆਲਾਲੰਪੂਰ – ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ। ਉਡਾਣਾਂ ਨੂੰ ਮਿਲੇ ਚੰਗੇ ਹੁੰਗਾਰੇ ਕਾਰਨ, ਏਅਰਲਾਈਨ ਨੇ ਜਨਵਰੀ 2024 ਵਿੱਚ ਹਫ਼ਤੇ ਵਿੱਚ ਉਡਾਣਾਂ ਦੀ ਗਿਣਤੀ ਦੋ ਤੋਂ ਚਾਰ ਕਰ ਦਿੱਤੀ। ਹੁਣ 1 ਅਗਸਤ ਤੋਂ, ਇਸ ਨੂੰ ਵਧਾ ਕੇ ਏਅਰਲਾਈਨ ਰੋਜ਼ਾਨਾ ਕਰਨ ਜਾ ਰਹੀ ਹੈ।
ਇਸ ਰੂਟ ਦੀ ਸਫ਼ਲਤਾ ਸਾਬਤ ਕਰਦੀ ਹੈ ਕਿ ਪੰਜਾਬੀਆਂ ਅਤੇ ਖਾਸਕਰ ਪ੍ਰਵਾਸੀ ਪੰਜਾਬੀਆਂ ਨੂੰ ਜੇਕਰ ਵਿਕਲਪ ਦਿੱਤੇ ਜਾਣ ਤਾਂ ਉਹ ਦਿੱਲੀ ਦੀ ਬਜਾਏ ਸਿੱਧਾ ਅੰਮ੍ਰਿਤਸਰ ਏਅਰਪੇਰਟ ‘ਤੇ ਆਉਣ ਨੂੰ ਤਰਜੀਹ ਦਿੰਦੇ ਹਨ। ਵਿਦੇਸ਼ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਲਈ ਉਡਾਣ ਭਰਨ ਵਾਲੇ ਮੁਸਾਫਰਾਂ ਨੂੰ ਇਮੀਗ੍ਰੇਸ਼ਨ ਵਿੱਚੋਂ ਲੰਘਣਾ ਪੈਂਦਾ ਹੈ, ਸਾਮਾਨ ਚੁੱਕਣਾ ਪੈਂਦਾ ਹੈ ਅਤੇ ਫਿਰ ਤੋਂ ਸਾਮਾਨ ਜਮਾਂ ਕਰਾਓਣਾ ਪੈਂਦਾ ਹੈ, ਅਤੇ ਫਿਰ ਅੰਮ੍ਰਿਤਸਰ ਜਾਣ ਲਈ ਕਈ ਵਾਰ ਦਿੱਲੀ ਹਵਾਈ ਅੱਡੇ ‘ਤੇ ਲੰਮਾ ਸਮਾਂ ਉਡਾਣਾਂ ਲਈ ਉਡੀਕ ਵੀ ਕਰਨੀ ਪੈਂਦੀ ਹੈ।
ਵਕਾਲਤ ਅਤੇ ਭਵਿੱਖ ਦੀਆਂ ਸੰਭਾਵਨਾਵਾਂ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਟੀਮ ਦੇ ਵਲੰਟੀਅਰ, ਜਿਸ ਵਿੱਚ ਮੈਂ ਅਤੇ ਯੋਗੇਸ਼ ਕਾਮਰਾ (ਕਨਵੀਨਰ ਇੰਡੀਆ) ਸ਼ਾਮਲ ਹਨ, ਏਅਰਲਾਈਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ, ਅਤੇ ਭਵਿੱਖ ਵਿੱਚ ਵੀ ਇਸ ਵਾਈਡ-ਬਾਡੀ ਏਅਰਕ੍ਰਾਫਟ ਨੂੰ ਲਾਉਣ ਦੀ ਵਕਾਲਤ ਕਰ ਰਹੇ ਹਾਂ। ਗੱਲਬਾਤ ਦੌਰਾਨ ਏਅਰਲਾਈਨ ਦੇ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਯਾਤਰੀਆਂ ਵੱਲੋਂ ਚੰਗਾ ਹੁੰਗਾਰਾ ਮਿਲਦਾ ਰਿਹਾ ਅਤੇ ਜਹਾਜ਼ ਪੂਰੀ ਤਰ੍ਹਾਂ ਬੁੱਕ ਹੁੰਦਾ ਹੈ, ਤਾਂ ਉਹ ਸਰਦੀਆਂ ਦੇ ਮੌਸਮ ਵਿੱਚ ਵੀ ਇਸ ਦੀ ਵਰਤੋਂ ਕਰਨ ਬਾਰੇ ਵਿਚਾਰ ਕਰਨਗੇ, ਹਾਲਾਂਕਿ ਇਹ ਵੱਡੇ ਜਹਾਜ਼ਾਂ ਦੀ ਉਪਲਬਧਤਾ ‘ਤੇ ਵੀ ਨਿਰਭਰ ਕਰੇਗਾ।
ਵੱਧ ਰਿਹਾ ਹਵਾਈ ਸੰਪਰਕ ਅਤੇ ਸਮਰੱਥਾ
ਕੁਆਲਾਲੰਪੂਰ ਤੋਂ ਅੰਮ੍ਰਿਤਸਰ ਲਈ ਮਲੇਸ਼ੀਆ ਦੀਆਂ ਦੋ ਹੋਰ ਏਅਰਲਾਈਨਾਂ ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ, ਜਿਸ ਵਿੱਚ ਏਅਰ ਏਸ਼ੀਆ ਐਕਸ ਦੀਆਂ ਹਫ਼ਤੇ ‘ਚ ਚਾਰ ਅਤੇ ਬਾਟਿਕ ਏਅਰ ਦੀਆਂ ਤਿੰਨ ਉਡਾਣਾਂ ਸ਼ਾਮਲ ਹਨ। ਇਹ ਇਹਨਾਂ ਖੇਤਰਾਂ ਵਿਚਕਾਰ ਵਧ ਰਹੇ ਹਵਾਈ ਸੰਪਰਕ ਨੂੰ ਉਜਾਗਰ ਕਰਦਾ ਹੈ, ਜਿਸ ਨਾਲ ਅੰਮ੍ਰਿਤਸਰ ਅਤੇ ਕੁਆਲਾਲੰਪੁਰ ਵਿਚਕਾਰ ਮਹੀਨੇ ਦੀਆਂ ਲਗਭਗ 26000 ਸੀਟਾਂ ਉਪਲਬਧ ਹਨ। ਇਸ ਤੋਂ ਇਲਾਵਾ ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਸਹਾਇਕ ਏਅਰਲਾਈਨ, ਸਕੂਟ, ਸਿੰਗਾਪੁਰ ਲਈ ਹਫ਼ਤੇ ‘ਚ ਪੰਜ ਦਿਨ ਉਡਾਣਾਂ ਚਲਾਉਂਦੀ ਹੈ। ਇਹਨਾਂ ਸਭ ਉਡਾਣਾਂ ਨਾਲ ਆਸਟ੍ਰੇਲੀਆ ਅਤੇ ਹੋਰ ਵੱਖ-ਵੱਖ ਦੇਸ਼ਾਂ ਨਾਲ ਹਰ ਮਹੀਨਾ ਲਗਭਗ 13,400 ਸੀਟਾਂ ਹਨ।
ਭਾਰਤ ਦੀਆਂ ਏਅਰਲਾਈਨਾਂ ਅੰਮ੍ਰਿਤਸਰ ਨੂੰ ਤਰਜੀਹ ਦੇਣ
ਹੁਣ ਇਹ ਵੇਖਣਾ ਬਾਕੀ ਹੈ ਕਿ ਏਅਰ ਇੰਡੀਆ ਅਤੇ ਇੰਡੀਗੋ ਸਮੇਤ ਭਾਰਤ ਦੀਆਂ ਏਅਰਲਾਈਨਾਂ ਕਦੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਪੰਜਾਬੀਆਂ ਦੀ ਵੱਡੀ ਆਬਾਦੀ ਵਾਲੇ ਦੁਨੀਆ ਭਰ ਦੇ ਕੁਝ ਸ਼ਹਿਰਾਂ, ਜਿਨ੍ਹਾਂ ਵਿੱਚ ਸਿੰਗਾਪੁਰ, ਕੁਆਲਾਲੰਪੂਰ, ਆਸਟ੍ਰੇਲੀਆ ਦੇ ਮੈਲਬੌਰਨ ਅਤੇ ਸਿਡਨੀ, ਕੈਨੇਡਾ ਵਿੱਚ ਟੋਰਾਂਟੋ ਅਤੇ ਵੈਨਕੂਵਰ ਸ਼ਾਮਲ ਹਨ, ਉਹਨਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ।
ਦੁਵੱਲੇ ਹਵਾਈ ਸੇਵਾ ਸਮਝੌਤੇ ਅਤੇ ਉਹਨਾਂ ਦਾ ਪ੍ਰਭਾਵ
ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਏਅਰਲਾਈਨਾਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਦੇ ਯੋਗ ਹਨ ਕਿਉਂਕਿ ਇਹਨਾਂ ਮੁਲਕਾਂ ਤੋਂ ਇਲਾਵਾ ਥਾਈਲੈਂਡ ਅਤੇ ਵੀਅਤਨਾਮ ਸਮੇਤ ਆਸੀਆਨ ਦੇਸ਼ਾਂ ਨੂੰ ਅੰਮ੍ਰਿਤਸਰ ਅਤੇ ਭਾਰਤ ਦੇ 18 ਹੋਰ ਹਵਾਈ ਅੱਡਿਆਂ ਲਈ ਅਸੀਮਤ ਉਡਾਣਾਂ ਚਲਾਉਣ ਲਈ ਭਾਰਤ ਦੁਆਰਾ ਦੁਵੱਲੇ ਹਵਾਈ ਸੇਵਾ ਸਮਝੌਤੇ ਦਿੱਤੇ ਗਏ ਹਨ। ਇਹ ਏਅਰਲਾਈਨਾਂ ਨਾ ਸਿਰਫ਼ ਪੁਆਇੰਟ-ਟੂ-ਪੁਆਇੰਟ ਟਰੈਫ਼ਿਕ ਨੂੰ ਪੂਰਾ ਕਰਦੀਆਂ ਹਨ, ਸਗੋਂ ਆਸਟ੍ਰੇਲੀਆ, ਨਿਊਜ਼ੀਲੈਂਡ, ਥਾਈਲੈਂਡ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਕਈ ਸ਼ਹਿਰਾਂ ਨੂੰ ਨਿਰਵਿਘਨ ਵਨ-ਸਟਾਪ ਕਨੈਕਟੀਵਿਟੀ ਵੀ ਪ੍ਰਦਾਨ ਕਰਦੀਆਂ ਹਨ।
ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਕਤਰ ਤੋਂ ਇਲਾਵਾ, ਖਾੜੀ ਜਾਂ ਮੱਧ-ਪੂਰਬੀ ਦੇਸ਼ਾਂ ਦੀ ਕਿਸੇ ਵੀ ਏਅਰਲਾਈਨ ਨੂੰ ਇਸ ਵੇਲੇ ਅੰਮ੍ਰਿਤਸਰ ਲਈ ਉਡਾਣ ਭਰਨ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਇਨ੍ਹਾਂ ਦੇਸ਼ਾਂ ਨਾਲ ਦੁਵੱਲੇ ਹਵਾਈ ਸੇਵਾ ਸਮਝੌਤਿਆਂ ਵਿੱਚ ਸ਼ਾਮਲ ਨਹੀਂ ਹੈ।
ਉਡਾਣਾਂ ਦੇ ਵਿਸਤਾਰ ਲਈ ਚੁਣੌਤੀਆਂ ਅਤੇ ਵਕਾਲਤ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਅਕਸਰ ਪੰਜਾਬੀਆਂ ਵੱਲੋਂ ਸੁਨੇਹੇ ਪ੍ਰਾਪਤ ਹੁੰਦੇ ਹਨ, ਜਿਸ ਵਿੱਚ ਇਨੀਸ਼ੀਏਟਿਵ ਦੇ ਮੈਂਬਰਾਂ ਨੂੰ ਐਮੀਰੇਟਸ ਅਤੇ ਇਤਿਹਾਦ ਸਮੇਤ ਹੋਰ ਏਅਰਲਾਈਨਾਂ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਨ੍ਹਾਂ ਏਅਰਲਾਈਨਾਂ ਨੇ ਅੰਮ੍ਰਿਤਸਰ ਨੂੰ ਸ਼ਾਮਲ ਕਰਨ ਲਈ ਭਾਰਤ ਨਾਲ ਦੁਵੱਲੇ ਸਮਝੌਤਿਆਂ ਦਾ ਵਿਸਥਾਰ ਕਰਨ ਲਈ ਕਈ ਵਾਰ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ, ਪਰ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅਜੇ ਤੱਕ ਅੰਮ੍ਰਿਤਸਰ ਅਤੇ ਭਾਰਤ ਦੇ ਕਈ ਹੋਰਨਾਂ ਹਵਾਈ ਅੱਡਿਆਂ ਨੂੰ ਸਮਝੋਤਿਆਂ ਵਿੱਚ ਸ਼ਾਮਲ ਨਹੀਂ ਕੀਤਾ ਹੈ। ਭਾਰਤ ਦੀਆਂ ਕਈ ਏਅਰਲਾਈਨਾਂ ਵੀ ਇਸ ਦਾ ਵਿਰੋਧ ਕਰ ਰਹੀਆਂ ਹਨ ਕਿਉਂਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ‘ਤੇ ਅਸਰ ਪੈਂਦਾ ਹੈ। ਜਦੋਂ ਤੱਕ ਇਨ੍ਹਾਂ ਹਵਾਈ ਸਮਝੌਤਿਆਂ ‘ਤੇ ਮੁੜ ਗੱਲਬਾਤ ਨਹੀਂ ਹੁੰਦੀ, ਅੰਮ੍ਰਿਤਸਰ ਲਈ ਇਹਨਾਂ ਏਅਰਲਾਈਨ ਦੀਆਂ ਉਡਾਣਾਂ ਸ਼ੁਰੂ ਨਹੀਂ ਹੋ ਸਕਦੀਆਂ। ਹਾਲਾਂਕਿ, ਭਾਰਤੀ ਏਅਰਲਾਈਨਾਂ ਅੰਮ੍ਰਿਤਸਰ ਤੋਂ ਕਿਸੇ ਵੀ ਦੇਸ਼ ਲਈ ਉਡਾਣਾਂ ਸ਼ੁਰੂ ਕਰਨ ਲਈ ਸੁਤੰਤਰ ਹਨ।
ਪੰਜਾਬੀਆਂ ਨੂੰ ਅਪੀਲ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਪੰਜਾਬੀਆਂ ਨੂੰ ਅੰਮ੍ਰਿਤਸਰ ਤੋਂ ਹੀ ਉਡਾਣਾਂ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਦਾ ਹੈ। ਉਡਾਣਾਂ ਦੀ ਵਧੀ ਗਿਣਤੀ ਅਤੇ ਯਾਤਰੀਆਂ ਦੀ ਆਵਾਜਾਈ ਨਾਲ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਹੂਲਤਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗੀ।। ਅਸੀਂ ਸਾਰਿਆਂ ਨੂੰ FlyAmritsar Initiative Facebook ਗਰੁੱਪ ਵਿੱਚ ਸ਼ਾਮਲ ਹੋਣ, ਟਵਿੱਟਰ, ਇੰਸਟਾਗ੍ਰਾਮ ‘ਤੇ ਫਾਲੋ ਕਰਨ ਅਤੇ YouTube ‘ਤੇ ਸਬਸਕ੍ਰਾਈਬ ਕਰਨ ਲਈ ਸੱਦਾ ਦਿੰਦੇ ਹਾਂ।
ਲੇਖਕ ਬਾਰੇ
ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸੰਪਰਕ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਲਈ ਸਮਰਪਿਤ ਇੱਕ ਗਲੋਬਲ ਐਡਵੋਕੇਸੀ ਗਰੁੱਪ ਹੈ। ਇਹ ਪਹਿਲਕਦਮੀ ਇੱਕ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਵਜੋਂ ਸ਼ਹਿਰ ਦੀ ਮਹੱਤਤਾ ਨੂੰ ਮਾਨਤਾ ਦਿੰਦੇ ਹੋਏ ਅੰਮ੍ਰਿਤਸਰ ਲਈ ਫਲਾਈਟ ਸੇਵਾਵਾਂ ਵਧਾਉਣ ਦੀ ਵਕਾਲਤ ਕਰ ਰਹੀ ਹੈ।