ਸ਼ੁੱਕਰਵਾਰ ਨੂੰ 172 ਹੋਰ ਯਾਤਰੀ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਲਿਆ ਫੈਸਲਾ
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ‘ਤੇ ਵੀਰਵਾਰ ਨੂੰ ਰੋਮ ਤੋਂ ਅੰਮ੍ਰਿਤਸਰ ਪੁੱਜੀ ਨਿਓਸ ਏਅਰ ਦੀ ਚਾਰਟਰ ਉਡਾਣ ‘ਤੇ 125 ਯਾਤਰੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਅਤੇ ਫਿਰ ਸ਼ੁੱਕਰਵਾਰ ਨੂੰ ਵੀ ਇਟਲੀ ਤੋਂ ਯੂਰੋ ਐਟਲਾਂਟੀਕ ਏਅਰਲਾਈਨ ਦੀ ਉਡਾਣ ਵਿੱਚ 285 ਯਾਤਰੀਆਂ ਵਿੱਚੋਂ 172 ਯਾਤਰੀ ਕਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਹਵਾਈ ਅੱਡੇ ਉੱਤੇ ਕੰਮ ਕਰਦੀ ਪ੍ਰਾਈਵੇਟ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ।
ਕਈ ਮੀਡੀਆਂ ਰਿਪੋਰਟਾਂ ਅਨੁਸਾਰ, ਉਨ੍ਹਾਂ ਕਿਹਾ ਕਿ ਸ਼ੁਕਰਵਾਰ ਨੂੰ ਮੁੜ 300 ਯਾਤਰੀਆਂ ’ਚੋਂ 190 ਦੇ ਕੋਰੋਨਾ ਪਾਜ਼ੇਟਿਵ ਆਉਣਾ ਲੈਬ ਦੇ ਕੰਮ ਉੱਤੇ ਸਵਾਲ ਖੜ੍ਹਾ ਕਰਦਾ ਹੈ। ਲਗਾਤਾਰ ਦੂਸਰੇ ਦਿਨ ਇੰਨੇ ਵਿਅਕਤੀਆਂ ਦਾ ਨਤੀਜਾ ਪਾਜ਼ੇਟਿਵ ਆਉਣ ਕਾਰਨ ਜਿਥੇ 75 ਵਿਅਕਤੀਆਂ ਦੇ ਮੁੜ ਟੈਸਟ ਕੀਤੇ ਜਾ ਰਹੇ ਹਨ, ਉਥੇ ਹੀ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਇਸ ਬਾਬਤ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲੈਬ ਦੀ ਜਾਂਚ ਕਰਨ ਲਈ ਕਿਹਾ ਹੈ।
ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਸ੍ਰੀ ਵੀ ਕੇ ਸੇਠ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਯੂਰੋ ਅਟਲਾਂਟਿਕ ਏਅਰਵੇਜ਼ ਦੀ ਉਡਾਣ ‘ਤੇ ਹਵਾਈ ਅੱਡੇ ‘ਤੇ ਕੁੱਲ 285 ਯਾਤਰੀ ਇਟਲੀ ਤੋਂ ਪਹੁੰਚੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਹੁੰਚਣ ‘ਤੇ ਟੈਸਟ ਕੀਤੇ ਗਏ, ਇਨ੍ਹਾਂ ਵਿੱਚੋਂ 172 ਕੋਵਿਡ-19 ਲਈ ਪਾਜ਼ੀਟਿਵ ਪਾਏ ਗਏ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਰੋਮ ਤੋਂ ਆਏ 179 ਯਾਤਰੀਆਂ ਵਿੱਚੋਂ 125 ਪਾਜ਼ੀਟਿਵ ਪਾਏ ਗਏ ਸਨ। ਸਵਾਲ ਇਹ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਲੋਕਾਂ ਦੀ ਇਟਲੀ ਤੋਂ ਰਿਪੋਰਟ ਕੋਰੋਨਾ ਨੈਗੇਟਿਵ ਆਈ ਹੈ ਤਾਂ ਭਾਰਤ ‘ਚ ਇਹਨੀਂ ਵੱਡੀ ਗਿਣਤੀ ਵਿੱਚ ਰਿਪੋਰਟ ਪਾਜ਼ੀਟਿਵ ਕਿਵੇਂ ਆਈ।
ਇਕ ਪਾਸੇ ਜਿੱਥੇ ਯਾਤਰੀ ਇਹਨਾਂ ਰਿਪੋਰਟਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ, ਉਸੇ ਤਰਾਂ ਕੁੱਝ ਅਖਬਾਰਾਂ ਵਿੱਚ ਛਪੀ ਰਿਪੋਰਟ ਮੁਤਾਬਕ, ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਟਲੀ ਵਿਚ ਜਾਅਲੀ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਇਟਲੀ ਵਿਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਇਸ ਕਾਰਨ ਇਟਲੀ ਤੋਂ ਬਾਹਰ ਜਾਣ ਵਾਲੇ ਲੋਕਾਂ ਨੂੰ ਨੈਗੇਟਿਵ ਐਲਾਨ ਕੇ ਭੇਜਿਆ ਜਾ ਰਿਹਾ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਇਟਲੀ ਸਰਕਾਰ ਵੱਲੋਂ ਕੋਰੋਨਾ ਪੀੜਤਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਨਾ ਕਰਨਾ ਪਵੇ।