By Singh, Published on June 28th, 2021 in News
ਅੰਮ੍ਰਿਤਸਰ – ਪਟਨਾ ਸਿੱਧੀ ਉਡਾਣ ਵੀ ਜੋੜ ਰਹੀ ਹੈ ਦੋਨਾਂ ਤਖਤਾਂ ਦੇ ਸ਼ਰਧਾਲੂਆਂ ਨੂੰ ਹਵਾਈ ਯਾਤਰਾ ਨਾਲ।
ਦਿੱਲੀ ਤੋਂ ਵੀ ਅੰਮ੍ਰਿਤਸਰ ਰਾਹੀਂ ਨਾਂਦੇੜ ਜਾ ਸਕਣਗੇ ਯਾਤਰੀ।
ਵਲੋਂ: ਰਵਰੀਤ ਸਿੰਘ
ਪੰਜਾਬ ਤੋਂ ਹਰ ਮਹੀਨੇ ਨਾਂਦੇੜ ਵਿਖੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਜ਼ਾਰਾਂ ਸ਼ਰਧਾਂਜਲੀਆਂ ਲਈ ਚੰਗੀ ਖ਼ਬਰ ਹੈ ਕਿ ਏਅਰ ਇੰਡੀਆਂ ਵੱਲੋਂ ਅੰਮ੍ਰਿਤਸਰ – ਨਾਂਦੇੜ ਸਿੱਧੀ ਉਡਾਣ 3 ਅਗਸਤ 2021 ਤੋਂ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਅਤੇ ਯਾਤਰੀਆਂ ਦੀ ਘੱਟ ਗਿਣਤੀ ਕਾਰਨ ਏਅਰ ਇੰਡੀਆ ਨੇ ਇਸ ਉਡਾਨ ਨੂੰ ਮਈ ਮਹੀਨੇ ਵਿੱਚ ਰੱਦ ਕਰ ਦਿੱਤਾ ਸੀ।
ਏਅਰ ਇੰਡੀਆ ਦੀ ਵੈੱਬਸਾਈਟ ਤੇ ਉਪਲੱਬਧ ਬੁਕਿੰਗ ਅਨੁਸਰ ਇਹ ਉਡਾਨ 3 ਅਗਸਤ ਤੋਂ ਹਰ ਮੰਗਲ਼ਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 6:50 ਵਜੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ ਅਤੇ 9:25 ਵਜੇ ਨਾਂਦੇੜ ਪਹੁੰਚੇਗਾ। ਇਹੀ ਜਹਾਜ਼ ਫਿਰ ਵਾਪਸੀ ਲਈ ਨਾਂਦੇੜ ਤੋਂ ਯਾਤਰੀਆਂ ਨੂੰ ਲੈ ਕੇ ਸਵੇਰੇ 10:20 ਵਜੇ ਉਡਾਣ ਭਰ ਕੇ ਦੁਪਹਿਰ ਨੂੰ 1:00 ਵਜੇ ਅੰਮ੍ਰਿਤਸਰ ਪੁੱਜੇਗਾ।
ਏਅਰ ਇੰਡੀਆ ਇਸ ਉਡਾਣ ਨੂੰ ਅਸਲ ਵਿੱਚ, ਦਿੱਲੀ-ਅੰਮ੍ਰਿਤਸਰ-ਨਾਂਦੇੜ-ਅੰਮ੍ਰਿਤਸਰ-ਦਿੱਲੀ, ਵਾਂਗ ਚਲਾਏਗੀ ਜੋ ਕੀ ਦਿੱਲੀ ਤੋਂ ਨਾਂਦੇੜ ਜਾਣ ਵਾਲਿਆਂ ਯਾਤਰੀਆਂ ਲਈ ਵੀ ਸਹੂਲਤ ਕਰੇਗੀ। ਦਿੱਲੀ ਤੋਂ ਜਹਾਜ ਸਵੇਰੇ 4:55 ਤੇ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ ਅਤੇ 6:15 ਵਜ਼ੇ ਪੁੱਜੇਗਾ, ਫਿਰ ਜਹਾਜ ਅੰਮ੍ਰਿਤਸਰ ਤੋਂ ਨਾਂਦੇੜ ਲਈ ਰਵਾਨਾ ਹੋਵੇਗਾ। ਇਸ ਹੀ ਤਰ੍ਹਾਂ ਜਹਾਜ ਨਾਂਦੇੜ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਕੇ ਫਿਰ ਦਿੱਲੀ ਲਈ ਅੰਮ੍ਰਿਤਸਰ ਤੋਂ ਦੁਪਹਿਰ 1:40 ਤੇ ਰਵਾਨਾ ਹੋ ਜਾਵੇਗਾ ਅਤੇ 2:55 ਤੇ ਦਿੱਲੀ ਪੁੱਜੇਗਾ।
ਅੰਮ੍ਰਿਤਸਰ – ਨਾਂਦੇੜ ਸਿੱਧੀ ਉਡਾਣ ਦਾ ਰਿਪੋਰਟ ਲਿਖਣ ਵੇਲੇ ਕਿਰਾਇਆ ਵੈਬਸਾਈਟ ‘ਤੇ 5570 ਰੁਪਏ ਆ ਰਿਹਾ ਹੈ ਅਤੇ ਨਾਂਦੇੜ – ਅੰਮ੍ਰਿਤਸਰ 5128 ਰੁਪਏ। ਇਸ ਦੀ ਬੁਕਿੰਗ ਸਿੱਧੀ ਏਅਰ ਇੰਡੀਆ ਦੀ ਵੈਬਸਾਈਟ ‘ਤੇ ਕੀਤੀ ਜਾ ਸਕਦੀ ਹੈ।
ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੰਘ ਚਾਹਲ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਭਾਰਤ ਵਿੱਚ ਕਨਵੀਨਰ ਅਤੇ ਏਅਰਪੋਰਟ ਸਲਾਹਕਾਰ ਕਮੇਟੀ ਦੇ ਮੈਂਬਰ ਯੋਗੇਸ਼ ਕਾਮਰਾ ਨੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜੀ ਮੰਤਰਾਲੇ ਦੇ ਮੰਤਰੀ ਸ. ਹਰਦੀਪ ਸਿੰਘ ਪੂਰੀ, ਭਾਰਤ ਸਰਕਾਰ ਅਤੇ ਏਅਰ ਇੰਡੀਆ ਦਾ ਅੰਮ੍ਰਿਤਸਰ-ਨਾਂਦੇੜ ਉਡਾਣ ਨੂੰ ਮੁੜ ਸ਼ੁਰੂ ਕਰਨ ਅਤੇ ਅੰਮ੍ਰਿਤਸਰ – ਪਟਨਾ – ਅੰਮ੍ਰਿਤਸਰ ਸਿੱਧੀ ਉਡਾਣ ਨੂੰ ਵੀ ਜਾਰੀ ਰੱਖਣ ’ਤੇ ਧੰਨਵਾਦ ਕੀਤਾ ਹੈ।
ਏਅਰ ਇੰਡੀਆਂ ਦੀ ਅੰਮ੍ਰਿਤਸਰ – ਪਟਨਾ ਸਿੱਧੀ ਉਡਾਣ ਵੀ ਹਫ਼ਤੇ ਵਿੱਚ ਚਾਰ ਦਿਨ ਮੰਗਲ਼ਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਐਤਵਾਰ ਵਾਲੇ ਦਿਨ ਚਲ ਰਹੀ ਹੈ। ਅੰਮ੍ਰਿਤਸਰ – ਨਾਂਦੇੜ ਸਿੱਧੀ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ ਅਗਸਤ ਮਹੀਨੇ ਤੋਂ ਇਕ ਵਾਰ ਫਿਰ ਸਿੱਖਾਂ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਤਖਤ ਸ੍ਰੀ ਹਰਿਮੰਦਰ, ਪਟਨਾ ਸਾਹਿਬ ਮੁੜ ਹਵਾਈ ਉਡਾਣਾਂ ਨਾਲ ਜੁੜ ਗਏ ਹਨ।
ਰਵਰੀਤ ਸਿੰਘ ਇੱਕ ਨੌਜਵਾਨ ਬਲੌਗਰ ਹੈ ਜਿਸ ਦੀ ਹਵਾਬਾਜ਼ੀ ਵਿਚ ਬਹੁਤ ਦਿਲਚਸਪੀ ਹੈ।ਹਵਾਬਾਜ਼ੀ ‘ਤੇ ਉਸਦਾ ਮੁੱਖ ਧਿਆਨ ਅੰਮ੍ਰਿਤਸਰ, ਪੰਜਾਬ ਨੂੰ ਵਿਸ਼ਵ ਨਾਲ ਜੋੜਨਾ ਹੈ। ਉਹ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਯਤਨਸ਼ੀਲ ਜਨਤਕ ਮੁਹਿੰਮ ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਦਾ ਟੀਮ ਮੈਂਬਰ ਹੈ।
2,486 total views
Leave a Reply