Site icon FlyAmritsar Initiative

ਅੰਮ੍ਰਿਤਸਰ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡਾ ਬਣ ਕੇ ਉੱਭਰਿਆ

ਵਲੋਂ: ਸਮੀਪ ਸਿੰਘ ਗੁਮਟਾਲਾ

17 ਜੁਲਾਈ, 2020: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਈ ਦੇ ਮਹੀਨੇ ਦੌਰਾਨ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿਚ ਭਾਰਤ ਦਾ ਦੂਜਾ ਸਭ ਤੋਂ ਵਿਅਸਤ ਅੰਤਰ ਰਾਸ਼ਟਰੀ ਹਵਾਈ ਅੱਡਾ ਰਿਹਾ। ਅਪ੍ਰੈਲ ਮਹੀਨੇ ਵਿੱਚ ਭਾਰਤ ਦੁਆਰਾ ਉਡਾਨਾਂ ਦੀ ਮੁਅੱਤਲੀ ਦੇ ਬਾਵਜੂਦ, ਅੰਮ੍ਰਿਤਸਰ ਯਾਤਰੀਆ ਦੀ ਕੁੱਲ ਗਿਣਤੀ ਵਿਚ ਤੀਜੇ ਸਥਾਨ ਤੇ ਆਓਣ ਤੋਂ ਬਾਦ ਇਕ ਵਾਰ ਫਿਰ ਆਪਣੀ ਅਸਲ ਅਹਿਮੀਅਤ ਜਗ ਜਾਹਰ ਕਰ ਗਿਆ।

ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਈ ਮਈ 2020 ਦੀ ਯਾਤਰੀਆਂ ਦੇ ਅੰਕੜਿਆਂ ਦੀ ਰਿਪੋਰਟ ਅਨੁਸਾਰ, ਅੰਮ੍ਰਿਤਸਰ ਤੋਂ 11,681 ਅੰਤਰਰਾਸ਼ਟਰੀ ਮੁਸਾਫਰਾਂ ਨੇ ਸਫਰ ਕੀਤਾ। ਇਹ ਗਿਣਤੀ ਦਿੱਲੀ ਨੂੰ ਛੱਡ ਕੇ ਭਾਰਤ ਦੇ ਹੋਰ ਸਾਰੇ ਵੱਡੇ ਹਵਾਈ ਅੱਡੇ ਜਿਵੇਂ ਮੁੰਬਈ, ਬੰਗਲੌਰ, ਅਹਿਮਦਾਬਾਦ, ਕੋਲਕਾਤਾ ਤੋਂ ਵੀ ਵੱਧ ਰਹੀ। ਦਿੱਲੀ ਏਅਰਪੋਰਟ 40,212 ਦੇ ਨਾਲ ਚੋਟੀ ਅਤੇ ਮੁੰਬਈ 10,280 ਯਾਤਰੀਆਂ ਨਾਲ ਤੀਜੇ ਨੰਬਰ’ ਤੇ ਸੀ।

ਮਾਰਚ ਦੇ ਅਖੀਰ ਵਿੱਚ ਭਾਰਤ ਸਰਕਾਰ ਵੱਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿੱਚ ਫਸ ਗਏ ਜਿਸ ਵਿੱਚ ਯੂ.ਕੇ. ਅਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿੱਚ ਸੀ। ਆਪਣੇ ਨਾਗਰਿਕਾਂ ਨੂੰ ਵਾਪਸ ਭੇਜਣ ਲਈ, ਯੂ.ਕੇ ਅਤੇ ਕੈਨੇਡਾ ਦੀ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ ਇੱਥੋਂ ਵਿਸ਼ੇਸ਼ ਉਡਾਨਾਂ ਸ਼ੁਰੂ ਕੀਤੀਆਂ ਸਨ। ਵੱਡੀ ਗਿਣਤੀ ਵਿੱਚ ਇਹਨਾਂ ਦੋਹਾਂ ਮੁਲਕਾ ਦੇ ਵਸਨੀਕ ਪੰਜਾਬ ਵਿੱਚ ਫਸੇ ਹੋਣ ਕਾਰਨ, ਇਹ ਉਡਾਨਾਂ ਮਈ ਦੇ ਮਹੀਨੇ ਵਿੱਚ ਵੀ ਚਲਦੀਆਂ ਰਹੀਆਂ।

ਯੂ.ਕੇ. ਦੀ ਸਰਕਾਰ ਨੇ ਅਪ੍ਰੈਲ ਤੋਂ 15 ਮਈ, 2020 ਤੱਕ ਬ੍ਰਿਟਿਸ਼ ਅਤੇ ਕਤਰ ਏਅਰਵੇਜ਼ ਦੁਆਰਾ ਸੰਚਾਲਿਤ ਕੁੱਲ 28 ਉਡਾਨਾਂ ਦਾ ਪ੍ਰਬੰਧ ਕੀਤਾ ਜਿਸ ਨਾਲ ਲਗਭਗ 8271 ਯਾਤਰੀ ਆਪਣੇ ਘਰ ਵਾਪਸ ਪਰਤੇ। ਕੈਨੇਡਾ ਦੇ ਭਾਰਤ ਵਿੱਚ ਸਥਿਤ ਵਿਦੇਸ਼ ਦਫਤਰ ਨੇ ਵੀ ਕਤਰ ਏਅਰਵੇਜ਼ ਦੇ ਸਹਿਯੋਗ ਨਾਲ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਕੁੱਲ 25 ਉਡਾਨਾਂ ਦਾ ਸੰਚਾਲਨ ਕੀਤਾ ਜੋ ਲਗਭਗ 7516 ਕੈਨੇਡੀਅਨ ਵਾਸੀਆਂ ਨੂੰ ਅੰਮ੍ਰਿਤਸਰ ਤੋਂ ਵਾਪਸ ਲੈ ਕੇ ਗਏ। ਇਕ ਅਨੁਮਾਨ ਅਨੁਸਾਰ ਯੂਕੇ ਅਤੇ ਕਨੇਡਾ ਦੁਆਰਾ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਅੰਮ੍ਰਿਤਸਰ ਤੋਂ ਕੀਤਾ ਗਿਆ।

ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿਚ ਇਹਨਾਂ ਅੰਤਰਰਾਸ਼ਟਰੀ ਉਡਾਨਾਂ ਦਾ ਪ੍ਰਬੰਧ ਪੰਜਾਬੀਆਂ ਲਈ ਇਕ ਬਹੁਤ ਹੀ ਖੁਸ਼ੀ ਤੇ ਮਾਨ ਵਾਲੀ ਗੱਲ ਹੈ। ਭਾਂਵੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਵੀਆਂ ਅੰਤਰਰਾਸ਼ਟਰੀ ਰੂਟ ਤੇ ਉਡਾਣਾਂ ਲਈ ਲੰਮੇ ਸਮੇਂ ਤੋਂ ਅਣਗੌਲਿਆਂ ਕੀਤਾ ਜਾ ਰਿਹਾ ਹੋਵੇ, ਪਰ ਇਸ ਮਹਾਂਮਾਰੀ ਦੇ ਸੰਕਟ ਦੌਰਾਨ ਏਅਰਪੋਰਟ ਤੋਂ ਇਹਨੀਆਂ ਸਾਰੀਆਂ ਵਿਸ਼ੇਸ਼ ਉਡਾਣਾਂ ਦੀ ਇਸ ਬੇਮਿਸਾਲ ਕੋਸ਼ਿਸ਼ ਨੇ ਭਵਿੱਖ ਵਿਚ ਲੰਡਨ, ਟੋਰਾਂਟੋ ਅਤੇ ਵੈਨਕੁਵਰ ਵਰਗੀਆਂ ਪ੍ਰਮੁੱਖ ਥਾਵਾਂ ਲਈ ਉਡਾਣਾਂ ਸ਼ੁਰੂ ਕਰਨ ਦੀ ਅਸਲ ਸਮਰੱਥਾ ਦਾ ਖੁਲਾਸਾ ਕੀਤਾ ਹੈ।

ਉਮੀਦ ਹੈ ਕਿ ਇਹ ਅੰਕੜੇ ਭਵਿੱਖ ਵਿਚ ਇੱਥੋਂ ਬ੍ਰਿਟਿਸ਼ ਏਅਰਵੇਜ਼, ਏਅਰ ਕਨੇਡਾ ਜਾਂ ਇੱਥੋਂ ਤਕ ਕਿ ਭਾਰਤ ਦੀਆਂ ਹਵਾਈ ਕੰਪਨੀਆਂ ਵਲੋਂ ਇਹਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਿੱਚ ਮਦਦਗਾਰ ਹੋਣਗੇ। ਏਅਰ ਇੰਡੀਆਂ ਵਲੋਂ ਵੀ ਆਪਣੀ ਦਿੱਲੀ-ਟੋਰਾਂਟੋ ਜਾਂ ਲੰਡਨ ਹੀਥਰੌ ਲਈ ਉਡਾਣ ਦਾ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬਹੁਤ ਬਚਤ ਹੋਵੇਗੀ ਅਤੇ ਪੰਜਾਬ ਨੁੰ ਇਕ ਵੱਡਾ ਆਰਥਿਕ ਲਾਭ ਵੀ ਮਿਲੇਗਾ।

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਮੁਹਿੰਮ ਹੈ।ਹਵਾਬਾਜ਼ੀ ‘ਤੇ ਉਹਨਾਂ ਦਾ ਮੁੱਖ ਧਿਆਨ ਪੰਜਾਬ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਅਤੇ ਉਸ ਬਾਰੇ ਲਿਖਣਾ ਹੈ।

Share post on:
Exit mobile version