By admin, Published on October 1st, 2019 in News
ਉਡਾਣ ਸ਼ੁਰੂ ਹੋਣ ਨਾਲ ਸ਼ਾਰਜਾਹ ਤੇ ਨਾਲ ਲੱਗਦੇ ਸ਼ਹਿਰਾਂ ਦੇ ਪੰਜਾਬੀਆਂ ਨੂੰ ਵੱਡੀ ਰਾਹਤ- ਸਮੀਪ ਸਿੰਘ ਗੁਮਟਾਲਾ
1 ਅਕਤੂਬਰ, 2019: ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ 1 ਅਕਤੂਬਰ ਤੋਂ ਯੁਨਾਈਟਿਡ ਅਰਬ ਅਮੀਰਾਤ (ਯੂ.ਏ.ਈ.) ਦੇ ਇਕ ਹੋਰ ਅੰਤਰ-ਰਾਸ਼ਟਰੀ ਹਵਾਈ ਅੱਡੇ ਨਾਲ ਜੁੜ ਜਾਵੇਗਾ। ਇੰਡੀਗੋ ਨੇ ਅੰਮ੍ਰਿਤਸਰ-ਸ਼ਾਰਜਾਹ ਵਿਚਕਾਰ ਰੋਜ਼ਾਨਾ ਉਡਾਣ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ ਤੇ ਇਸ ਦੀ ਬੁਕਿੰਗ ਕੰਪਨੀ ਦੀ ਵੈਬਸਾਈਟ ਤੇ ਸ਼ੁਰੂ ਹੋ ਗਈ ਹੈ।
ਫਲਾਈ ਅੰਮ੍ਰਿਤਸਰ ਇਨਿਸ਼ਿਏਟਿਵ (ਮੁਹਿੰਮ) ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇੰਡੀਗੋ ਦੇ ਫੈਸਲੇ ਦਾ ਸਵਾਗਤ ਕਰਦਿਆਂ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਦੁਬਈ ਦੇ ਨਾਲ ਨਾਲ ਹੁਣ ਯੂ.ਏ.ਈ. ਦੇ ਦੂਜੇ ਅਮੀਰਾਤ (ਸੂਬੇ)ਂ ਸ਼ਾਰਜਾਹ ਦੇ ਨਾਲ ਜੁੜ ਜਾਵੇਗਾ। ਇੰਡੀਗੋ ਦੀ ਵੈਬਸਾਈਟ ਅਨੁਸਾਰ ਇਹ ਉਡਾਣ ਅੰਮ੍ਰਿਤਸਰ ਤੋਂ ਸਵੇਰੇ 11:35 ਵਜੇ ਰਵਾਨਾ ਹੋਵੇਗੀ ਅਤੇ ਸ਼ਾਰਜਾਹ ਵਿਖੇ ਦੁਪਹਿਰ 1:35 ਵਜੇ ਪਹੁੰਚੇਗੀ। ਸ਼ਾਰਜਾਹ ਤੋਂ ਇਹ ਉਡਾਣ ਸਥਾਨਕ ਸਮੇਂ ਅਨੁਸਾਰ ਦੁਪਹਿਰ 2:30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7:40 ਵਜੇ ਅੰਮ੍ਰਿਤਸਰ ਪਹੁੰਚੇਗੀ।
ਇੰਡੀਗੋ ਵਲੋਂ 28 ਅਕਤੂਬਰ 2018 ਨੂੰ ਅੰਮ੍ਰਿਤਸਰ ਤੋਂ ਆਪਣੀ ਪਹਿਲੀ ਅੰਤਰਰਾਸ਼ਟਰੀ ਉਡਾਣ ਡੁਬਈ ਲਈ ਸ਼ੁਰੂ ਕੀਤੀ ਗਈ ਸੀ। ਇੰਡੀਗੋ ਵਲੋਂ 1 ਸਤੰਬਰ ਤੋਂ ਦੁਬਈ ਦੀ ਉਡਾਣ ਬੰਦ ਕਰਕੇ ਹੁਣ ਸ਼ਾਰਜਾਹ ਲਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਪਿਛਲੇ ਕੁਝ ਸਾਲਾਂ ਤੋਂ ਸਪਾਈਸ ਜੈੱਟ ਅਤੇ ਏਅਰ ਇੰਡੀਆ ਐਕਸਪ੍ਰੈਸ ਸਫ਼ਲਤਾ ਪੂਰਵਕ ਦੁਬਈ ਲਈ ਆਪਣੀਆਂ ਉਡਾਣਾਂ ਚਲਾ ਰਹੀਆਂ ਹਨ। ਸਾਲ 2018 ਵਿਚ ਅੰਮ੍ਰਿਤਸਰ ਤੋਂ ਚਲਦੀਆਂ ਸਿੱਧੀਆਂ ਅੰਤਰ-ਰਾਸ਼ਟਰੀ ਉਡਾਣਾਂ ਦੇ ਕੁੱਲ 7 ਲੱਖ 99 ਹਜਾਰ ਯਾਤਰੀਆਂ ਵਿਚੋਂ 2 ਲੱਖ 68 ਹਜਾਰ ਯਾਤਰੀਆਂ ਨੇ ਅੰਮ੍ਰਿਤਸਰ-ਦੁਬਈ ਵਿਚਕਾਰ ਇਹਨਾਂ ਉਡਾਣਾਂ ਤੇ ਸਫ਼ਰ ਕੀਤਾ। ਇਹ ਉਡਾਣਾਂ ਯਾਤਰੀਆਂ ਨਾਲ ਤਕਰੀਬਨ 90 ਪ੍ਰਤੀਸ਼ਤ ਤੋਂ ਵੱਧ ਭਰੀਆਂ ਜਾਂਦੀਆਂ ਹਨ।
ਗੁਮਟਾਲਾ ਨੇ ਦਾਅਵਾ ਕੀਤਾ ਕਿ ਸ਼ਾਰਜਾਹ ਤੇ ਇਸ ਦੇ ਲਾਗਲੇ ਸ਼ਹਿਰਾਂ ਅਤੇ ਸੂਬਿਆਂ ਅਜਮਾਨ, ਉਮ ਅਲ ਕੁਵਾਇਨ, ਰਜ ਅਲ-ਖੈਮਾਹ ਅਤੇ ਫੁਜੈਰਾਹ ਵਿਚ ਪੰਜਾਬ ਤੋਂ ਕੰਮ ਕਰਨ ਲਈ ਗਏ ਤੇ ਰਹਿਣ ਵਾਲੇ ਹਜਾਰਾਂ ਪੰਜਾਬੀਆਂ ਨੂੰ ਇਸ ਦਾ ਲਾਭ ਹੋਵੇਗਾ। ਇਹ ਉਹਨਾਂ ਦੀ ਲੰਮੇ ਸਮੇਂ ਤੋਂ ਮੰਗ ਸੀ। ਇਸ ਸਿੱਧੀ ਉਡਾਣ ਨਾਲ ਉਹਨਾਂ ਦੇ ਸਮੇਂ ਅਤੇ ਖਰਚੇ ਦੀ ਬਚਤ ਹੋਵੇਗੀ ਕਿਉਂਕਿ ਇਸ ਸਮੇਂ ਦੁਬਈ ਤੋਂ ਸੜਕ ਰਾਹੀਂ ਸ਼ਾਰਜਾਹ ਜਾਣ ਲਈ ਟੈਕਸੀ ਦੇ ਖਰਚੇ ਤੋਂ ਇਲਾਵਾ 30 ਦਰਹਮ ਸ਼ਾਰਜਾਹ ਵਿਚ ਦਾਖਲ ਹੋਣ ਲਈ ਵੀ ਦੇਣੇ ਪੈਂਦੇ ਹਨ।
ਆਬੂਦਾਬੀ ਵਿਖੇ ਵੱਡੀ ਗਿਣਤੀ ਵਿਚ ਰਹਿੰਦੇ ਪੰਜਾਬੀ ਵੀ ਲੰਮੇ ਸਮੇਂ ਤੋਂ ਸਿੱਧੀ ਉਡਾਣ ਦੀ ਮੰਗ ਕਰ ਰਹੇ ਹਨ। ਫਲਾਈ ਅੰਮ੍ਰਿਤਸਰ ਮੁਹਿੰਮ ਨਾਲ ਆਬੂਦਾਬੀ ਤੋਂ ਜੁੜੇ ਮੈਂਬਰ ਕਾਰਜਬੀਰ ਸਿੰਘ ਤੇ ਹੋਰਨਾਂ ਨੇ ਸ਼ਹਿਰੀ ਹਵਾਬਾਜੀ ਮੰਤਰਾਲੇ ਦੇ ਮੰਤਰੀ ਹਰਦੀਪ ਸਿੰਘ ਪੂਰੀ ਨੂੰ ਵੀ ਏਅਰ ਇੰਡੀਆ ਐਕਸਪ੍ਰੈਸ ਦੀ ਆਬੂਦਾਬੀ ਦੀ ਸਿੱਧੀ ਉਡਾਣ ਸ਼ੁਰੂ ਕਰਵਾਉਣ ਲਈ ਦਖਲ ਦੇਣ ਦੀ ਮੰਗ ਕੀਤੀ ਹੈ। ਗੁਮਟਾਲਾ ਦਾ ਕਹਿਣਾ ਹੈ ਕਿ ਨਵੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਫਲਾਈ ਅੰਮ੍ਰਿਤਸਰ ਮੁਹਿੰਮ ਦੀ ਟੀਮ ਲਗਾਤਾਰ ਅੰਕੜਿਆਂ ਸਮੇਤ ਵਿਦੇਸ਼ੀ ਤੇ ਦੇਸ਼ ਦੀਆਂ ਹਵਾਈ ਕੰਪਨੀਆਂ ਨਾਲ ਸੰਪਰਕ ਕਰ ਰਹੀ ਹੈ ਤੇ ਇਸ ਸੰਬੰਧੀ ਅਸੀਂ ਆਬੂਦਾਬੀ ਲਈ ਏਅਰ ਇੰਡੀਆ ਐਕਸਪ੍ਰੈਸ ਤੇ ਹੋਰਨਾਂ ਭਾਰਤੀ ਹਵਾਈ ਕੰਪਨੀਆਂ ਨੂੰ ਵੀ ਮੰਗ ਪੱਤਰ ਤੇ ਅੰਕੜੇ ਭੇਜੇ ਹਨ।
ਦੁਬਈ ਦੀ ਦੁਨੀਆਂ ਵਿਚ ਸਭ ਤੋਂ ਵੱਡੀ ਹਵਾਈ ਕੰਪਨੀਆਂ ਵਿਚੋਂ ਇਕ ਮੰਨੀ ਜਾਂਦੀ ਐਮੀਰੇਟਜ਼ ਏਅਰਲਾਈਨ ਅਤੇ ਉਸ ਦੀ ਭਾਈਵਾਲ ਫਲਾਈ ਡੁਬਈ ਵੀ ਅੰਮ੍ਰਿਤਸਰ ਵਾਸਤੇ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਤਾਂ ਜੋ ਉਹ ਪੰਜਾਬ ਨੂੰ 140 ਤੋਂ ਵੱਧ ਮੁਲਕਾਂ ਨੂੰ ਉਹਨਾਂ ਵਲੋਂ ਚਲਦੀਆਂ ਉਡਾਨਾਂ ਨਾਲ ਜੋਣ ਸਕਣ। ਪਰ ਭਾਰਤ ਨਾਲ ਹਵਾਈ ਸਮਝੌਤਿਆਂ ਵਿਚ ਦੁਬਈ ਦੀਆਂ ਹਵਾਈ ਕੰਪਨੀਆਂ ਨੂੰ ਅੰਮ੍ਰਿਤਸਰ ਵਾਸਤੇ ਉਡਾਨਾਂ ਸ਼ੁਰੂ ਕਰਨ ਦੀ ਇਜ਼ਾਜਤ ਨਹੀਂ ਹੈ ਪਰ ਇਹਨਾਂ ਹਵਾਈ ਕੰਪਨੀਆਂ ਅਨੁਸਾਰ ਜਦ ਵੀ ਨਵੇਂ ਸਮਝੋਤਿਆ ਵਾਸਤੇ ਭਾਰਤ ਨਾਲ ਗੱਲਬਾਤ ਹੋਈ ਤਾਂ ਉਹ ਜਰੂਰ ਇਸ ਦੀ ਮੰਗ ਕਰਣਗੇ।
Leave a Reply