By admin, Published on January 29th, 2021 in News
ਮੰਚ ਨੇ ਰੇਲਵੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿੱਖ ਕੇ ਕੀਤੀ ਮੰਗ
ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਨੂੰ 465 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ ਵਾਇਆ ਚੰਡੀਗੜ੍ਹ ਬੁਲੇਟ ਟ੍ਰੇਨ ਦੇ ਪ੍ਰਸਤਾਵਿਤ ਗਲਿਆਰੇ ਦੇ ਨਾਲ, ਓਵਰਹੈੱਡ ਅਤੇ ਜਮੀਨ ਹੇਠਲੇ ਸਹੂਲਤਾਂ ਦੇ ਨਾਲ ਪਾਵਰ ਸਰੋਤ ਵਿਕਲਪਾਂ ਅਤੇ ਸਬ-ਸਟੇਸ਼ਨਾਂ ਦੀ ਪਛਾਣ ਕਰਨ ਲਈ ਸਰਵੇਖਣ ਵਿੱਚ ਸ੍ਰੀ ਗੁਰੁ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮੀਟਿਡ (ਐਨ.ਐਚ.ਐਸ.ਆਰ.ਸੀ.ਐਲ.) ਨੇ ਅਲਾਈਨਮੈਂਟ ਬਨਾਉਣ ਲਈ ਆਰਵੀ-ਜੀਐਸਐਲ ਐਸੋਸੀਏਟਸ ਕੰਪਨੀ ਨੂੰ ਚੁਣਿਆ ਹੈ, ਜਿਸ ਵਿੱਚ ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਅਲਾਈਨਮੈਂਟ ਵਾਸਤੇ ਪੂਰੀ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ) ਹਵਾਈ ਸਰਵੇਖਣ ਨਾਲ ਤਿਆਰ ਕਰਨਾ ਵੀ ਸ਼ਾਮਲ ਹੈ।
ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੰਚ ਨੇ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਲਿਖੇ ਇੱਕ ਪੱਤਰ ਵਿੱਚ ਅੰਮ੍ਰਿਤਸਰ ਸ਼ਹਿਰ ਨੂੰ ਦਿੱਲੀ ਨਾਲ ਜੋੜਨ ਵਾਲੇ ਤੇਜ਼ ਰੇਲ ਅਤੇ ਸੜਕੀ ਨੈਟਵਰਕ ਦੀ ਤਜਵੀਜ਼ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨਾਲ ਜੋੜਨ ਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ.ਐਚ.ਏ.ਆਈ) ਦੇ ਫੈਸਲੇ ਤੋਂ ਬਾਅਦ, ਜੇ ਇਹ ਹਾਈ ਸਪੀਡ “ਬੁਲੇਟ ਟ੍ਰੇਨ” ਅੰਮ੍ਰਿਤਸਰ ਹਵਾਈ ਅੱਡੇ ਵਿਖੇ ਖਤਮ ਕੀਤੀ ਜਾਂਦੀ ਹੈ, ਤਾਂ ਇਹ ਇਕ ਬਹੁਤ ਵਧੀਆ ਇੰਟਰਮੋਡਲ ਪੁਆਇੰਟ ਬਣ ਜਾਵੇਗਾ ਜਿੱਥੇ ਹਵਾਈ-ਸੜਕ-ਰੇਲ ਨਾਲ ਸਫਰ, ਬਿਨਾਂ ਕਿਸੇ ਰੁਕਾਵਟ ਦੇ ਹੋ ਸਕਦੇ ਹਨ।
ਕਾਮਰਾ, ਜੋ ਕਿ ਅੰਮ੍ਰਿਤਸਰ ਹਵਾਈ ਅੱਡੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ ਨੇ ਕਿਹਾ ਕਿ ਦੁਨੀਆ ਦੇ 120 ਤੋਂ ਵੱਧ ਹਵਾਈ ਅੱਡਿਆਂ ‘ਤੇ ਪਹਿਲਾਂ ਹੀ ਰੇਲ ਸੰਪਰਕ ਹੈ ਅਤੇ ਭਵਿੱਖ ਵਿਚ 300 ਹਵਾਈ ਅੱਡੇ ਇਹੋ ਜਿਹੇ ਬਣ ਰਹੇ ਹਨ। ਉਹਨਾਂ ਨੇ ਪੱਤਰ ਵਿੱਚ ਬੁਲੇਟ ਟ੍ਰੇਨ ਪ੍ਰਾਜੈਕਟ ਦੇ ਹਵਾਈ ਅੱਡੇ ਤੀਕ ਬਨਾਓਣ ਦੇ ਬਹੁਤ ਸਾਰੇ ਲਾਭ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਯਾਤਰਾ ਵਿੱਚ ਆਸਾਨੀ, ਸਮੇਂ ਦੀ ਬਚਤ ਅਤੇ ਪ੍ਰਦੂਸ਼ਣ ਵਿੱਚ ਕਮੀ
ਇਸ ਪ੍ਰੋਜੈਕਟ ਦੇ ਨਾਲ ਪੰਜਾਬ ਦੇ ਸਾਰੇ ਮੁੱਖ ਸ਼ਹਿਰ (ਮੁਹਾਲੀ, ਲੁਧਿਆਣਾ, ਜਲੰਧਰ), ਚੰਡੀਗੜ੍ਹ ਇਕ ਸੁਰੱਖਿਅਤ, ਤੇਜ, ਤੇ ਕਿਸੇ ਵੀ ਮੌਸਮ ਵਿੱਚ ਸਫਰ ਕਰਨ ਵਿੱਚ ਹਵਾਈ ਅੱਡੇ ਨਾਲ ਹਵਾਈ-ਸੜਕ-ਤੇਜ ਰਫਤਾਰ / ਬੁਲੇਟ ਟ੍ਰੇਨ ਨਾਲ ਜੁੜ ਜਾਣਗੇ। ਇਸ ਨਾਲ ਟ੍ਰੈਫਿਕ ਵੀ ਘਟੇਗੀ ਕਿਉਂਕਿ ਇਹ ਸੰਪਰਕ ਸ਼ਹਿਰ ਅਤੇ ਸੂਬੇ ਦੇ ਸਾਰੇ ਹਿੱਸਿਆਂ ਵਿਚ ਅਸਾਨੀ ਨਾਲ ਪਹੁੰਚ ਪ੍ਰਦਾਨ ਕਰੇਗਾ। ਏਅਰਲਾਈਨਾਂ ਵੀ ਰੇਲ ਵਿਭਾਗ ਤੇ ਹੋਰਨਾਂ ਹਿੱਸੇਦਾਰਾਂ ਦੇ ਨਾਲ ਸਮਝੋਤਾ ਕਰਕੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਤੋਂ ਹੀ ਆਓਣ ਜਾਣ ਵਾਲੇ ਯਾਤਰੀਆਂ ਦੀ ਜਾਂਚ, ਹਵਾਈ ਅੱਡੇ ਤੋਂ ਸਮਾਨ ਦੀ ਤਬਦੀਲੀ ਆਦਿ ਦੀ ਸਹੂਲਤ ਵੀ ਦੇ ਸਕਦੇ ਹਨ। ਵਾਹਨਾਂ ਦੀ ਆਵਾਜਾਈ ਵਿਚ ਕਮੀ ਨਾਲ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਵੀ ਸਹਾਇਤਾ ਹੋਵੇਗੀ।
ਹਵਾਈ ਅਤੇ ਤੇਜ ਰਫਤਾਰ ਰੇਲ ਕੁਨੈਕਟੀਵਿਟੀ ਨਾਲ ਵਧੇਗੀ ਕਾਰਗੋ ਸਮਰੱਥਾ
ਅੰਮ੍ਰਿਤਸਰ ਹਵਾਈ ਅੱਡੇ ਤੋਂੇ ਕੇਂਦਰੀ ਏਸ਼ੀਆਈ ਅਤੇ ਖਾੜੀ ਦੇਸ਼ਾਂ ਨਾਲ ਯਾਤਰੀਆਂ ਲਈ ਸਭ ਤੋਂ ਨੇੜਲੇ ਹਵਾਈ ਸੰਪਰਕ ਹਨ ਜਿਸ ਵਿਚ ਤੁਰਕਮੇਨਸਤਾਨ, ਉਜ਼ਬੇਕਿਸਤਾਨ, ਯੂਏਈ ਦੇ ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ, ਕਤਰ ਲਈ ਸਫਰ ਸਿਰਫ ਤਿੰਨ ਘੰਟਿਆ ਵਿੱਚ ਪੂਰਾ ਹੁੰਦਾ ਹੈ। ਇਸ ਹਵਾਈ ਅਤੇ ਤੇਜ ਰਫਤਾਰ ਰੇਲ ਸੰਪਰਕ ਨਾਲ ਯਾਤਰੀ ਅਤੇ ਕਾਰਗੋ ਉਡਾਣਾਂ ਤੇ ਕਾਰਗੋ / ਮੈਡੀਕਲ ਦਵਾਈਆਂ / ਟੀਕੇ/ ਮਨੁੱਖੀ ਟਰਾਂਸਪਲਾਂਟੇਸ਼ਨ ਅੰਗਾਂ ਅਤੇ ਹੋਰ ਬਹੁਤ ਸਾਰੀਆਂ ਚੀਜਾਂ ਨੂੰ ਵਿਦੇਸ਼ਾਂ ਨੂੰ ਭੇਜਣ ਅਤੇ ਨਿਰਯਾਤ ਕਰਨ ਵਿਵ ਵੀ ਬਹੁਤ ਵੱਡੀ ਸਹੂਲਤ ਹੋਵੇਗੀ। ਕਿਸਾਨਾਂ ਨੂੰ ਵੀ ਫਲ, ਸਬਜੀਆਂ ਆਦਿ ਵਿਦੇਸ਼ ਭੇਜਣ ਵਿਚ ਮਦਦ ਮਿਲੇਗੀ।
ਸੈਰ ਸਪਾਟਾ, ਹਵਾਈ ਯਾਤਰੀਆਂ ਤੇ ਉਡਾਣਾਂ ਦੀ ਆਵਾਜਾਈ ਵਿੱਚ ਵਾਧਾ
ਅੰਮ੍ਰਿਤਸਰ ਦੇ ਧਾਰਮਿਕ, ਇਤਿਹਾਸਕ, ਸਭਿਆਚਾਰਕ ਅਤੇ ਵਪਾਰਕ ਸ਼ਹਿਰ ਹੋਣ ਦੇ ਨਾਲ ਇੱਥੋ ਸੈਰ ਸਪਾਟਾ ਉਦਯੋਗ ਲਈ ਬਹੁਤ ਵੱਡੀ ਸਮਰਥਾ ਹੈ। ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਨਾ ਮੰਦਰ, ਵਾਹਗਾ ਸਰਹੱਦ ‘ਤੇ ਰੀਟਰੀਟ ਸਮਾਰੋਹ ਦੇ ਕਾਰਨ, ਇੱਥੇ ਭਾਰਤ ਅਤੇ ਵਿਦੇਸ਼ ਤੋਂ ਰੋਜਾਨਾਂ ਲਗਭਗ ਇਕ ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ। ਲੰਦਨ, ਬਰਮਿੰਘਮ, ਦੋਹਾ, ਦੁਬਈ, ਸਿੰਗਾਪੁਰ ਅਤੇ ਕੁਆਲਾਲੰਪੁਰ ਸਮੇਤ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਨਾਲ ਸਿੱਧੇ ਜਾਂ ਅਸਿੱਧੇ ਹਵਾਈ ਸੰਪਰਕ ਹੋਣ ਤੋਂ ਬਾਅਦ ਅੰਮ੍ਰਿਤਸਰ ਉੱਤਰ ਭਾਰਤ ਦਾ ਦੂਜਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਐਕਸਪ੍ਰੈਸ ਵੇਅ ਅਤੇ ਰੇਲ ਕੋਰੀਡੋਰ ਦੋਵਾਂ ਦੇ ਮੁਕੰਮਲ ਹੋਣ ਨਾਲ, ਅੰਮ੍ਰਿਤਸਰ ਹਵਾਈ ਅੱਡਾ ਪੰਜਾਬ, ਜੰਮੂ ਅਤੇ ਹੋਰ ਗੁਆਂਢੀ ਰਾਜਾਂ ਦੇ ਪ੍ਰਮੁੱਖ ਸ਼ਹਿਰਾਂ ਦੇ ਨੇੜੇ ਆ ਜਾਵੇਗਾ, ਜਿਸ ਨਾਲ ਹਵਾਈ ਅੱਡੇ ਤੋਂ ਯਾਤਰੀਆਂ ਅਤੇ ਉਡਾਣਾਂ ਦੀ ਗਿਣਤੀ ਵੀ ਵਧੇਗੀ।
ਕਾਮਰਾ ਨੇ ਦੱਸਿਆ ਕਿ ਮੰਚ ਵਲੋਂ ਪੱਤਰ ਦੀਆਂ ਕਾਪੀਆਂ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ, ਗੁਰਜੀਤ ਸਿੰਘ ਔਜਲਾ ਸਮੇਤ ਪੰਜਾਬ ਦੇ ਹੋਰਨਾਂ ਨੇਤਾਵਾਂ ਨੂੰ ਵੀ ਭੇਜੀਆਂ ਗਈਆਂ ਹਨ। ਮੰਚ ਨੇ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਸਤਾਵਿਤ ਪ੍ਰਾਜੈਕਟ ਵਿਚ ਅੰਮ੍ਰਿਤਸਰ ਹਵਾਈ ਅੱਡੇ ਨੂੰ ਸ਼ਾਮਲ ਕਰਨ ਸੰਬੰਧੀ ਰੇਲ ਮੰਤਰਾਲੇ ਅਤੇ ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਨੂੰ ਲਿਖਣ ਜਾਂ ਇਸ ਸੰਬੰਧੀ ਮਿਲ ਕੇ ਗੱਲਬਾਤ ਕਰਨ।
3,307 total views
Leave a Reply