By admin, Published on February 14th, 2022 in News
ਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਨੇ ਕੈਨੇਡਾ ਵਾਸੀਆਂ ਅਤੇ ਸੰਸਦ ਮੈਂਬਰ ਬਰੈਡ ਵਿਸ ਦਾ ਕੀਤਾ ਧੰਨਵਾਦ
ਫਰਵਰੀ 14, 2022: ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਇੱਕ ਵਫ਼ਦ ਨੇ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਫ੍ਰੇਜ਼ਰ ਕੈਨਿਯਨ-ਮੈਟਸਕੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਬ੍ਰੈਡ ਵਿੱਸ ਨਾਲ ਮੁਲਾਕਾਤ ਕਰਕੇ, ਉਹਨਾਂ ਨੂੰ ਸੰਸਦ ਵਿੱਚ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸੰਬੰਧੀ ਦਾਇਰ ਪਟੀਸ਼ਨ ਦੀਆਂ ਹਜ਼ਾਰਾਂ ਦਸਤਖਤ ਕੀਤੀਆਂ ਕਾਪੀਆਂ ਸੋੰਪੀਆਂ।
ਕੈਨੇਡਾ ਵਿੱਚ ਇਨੀਸ਼ੀਏਟਿਵ ਦੇ ਬੁਲਾਰੇ ਸਰੀ ਵਾਸੀ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਪਟੀਸ਼ਨ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਬਰੈਡ ਵਿੱਸ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਸ ਯਾਚਿਕਾ ਰਾਹੀਂ ਕੈਨੇਡਾ ਸਰਕਾਰ ਨੂੰ ਵੈਨਕੂਵਰ/ਟੋਰਾਂਟੋ ਤੋਂ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਵਿਕਲਪਾਂ ਦੀ ਖੋਜ ਅਤੇ ਸਰਗਰਮੀ ਨਾਲ ਵਕਾਲਤ ਕਰਨ ਲਈ ਬੇਨਤੀ ਕੀਤੀ ਗਈ ਹੈ।
ਵੈਨਕੂਵਰ ਤੋਂ ਪ੍ਰੈੱਸ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕੈਨੇਡਾ ਵਾਸੀਆਂ ਅਤੇ ਸੰਸਦ ਮੈਂਬਰ ਬਰੈਡ ਵਿਸ ਵੱਲੋਂ ਮਿਲੇ ਵੱਡੇ ਸਹਿਯੋਗ ਦੀ ਸ਼ਲਾਘਾ ਕੀਤੀ।ਉਨ੍ਹਾਂ ਜਾਣਕਾਰੀ ਦਿੱਤੀ ਕਿ 30 ਦਿਨਾਂ (12 ਜਨਵਰੀ ਤੋਂ 11 ਫਰਵਰੀ ਤੱਕ) ਦੇ ਥੋੜ੍ਹੇ ਸਮੇਂ ਵਿੱਚ ਇਸ ਪਟੀਸ਼ਨ ਉੱਤੇ ਕੈਨੇਡਾ ਦੇ 14160 ਵਸਨੀਕਾਂ ਨੇ ਆਨਲਾਈਨ ਦਸਤਖਤ ਕੀਤੇ ਅਤੇ ਲਗਭਗ 5000 ਲੋਕਾਂ ਨੇ ਕਾਗਜ਼ ‘ਤੇ ਦਸਤਖਤ ਕੀਤੇ ਹਨ।
ਐਮ.ਪੀ. ਵਿੱਸ ਨੇ ਸਰੀ ਅਤੇ ਐਬਟਸਫੋਰਡ ਤੋਂ ਆਏ ਮੁਹਿੰਮ ਦੇ ਵਫ਼ਦ, ਜਿਸ ਵਿੱਚ ਮੋਹਿਤ ਧੰਜੂ, ਗੁਰਦੇਵ ਸਿੰਘ ਜੱਜ, ਰਾਜਵੰਤ ਸਿੰਘ ਸੰਧੂ, ਮਨਜੀਤ ਸਿੰਘ, ਮਨਵੀਰ ਸਿੰਘ ਗਰੇਵਾਲ ਅਤੇ ਸੁਖਦੀਪ ਸਿੰਘ ਔਲਖ ਸ਼ਾਮਲ ਸਨ, ਨੂੰ ਦੱਸਿਆ ਕਿ ਉਹ ਹੁਣ ਇਸ ਪਟੀਸ਼ਨ ਨੂੰ ਸੰਸਦ ਵਿੱਚ ਪੇਸ਼ ਕਰਨਗੇ ਅਤੇ ਸਰਕਾਰ ਤੋਂ ਇਸ ਮੁੱਦੇ ‘ਤੇ ਜਵਾਬ ਮੰਗਣਗੇ। ਉਨ੍ਹਾਂ ਅੱਗੇ ਦੱਸਿਆ ਕਿ ਉਹ ਏਅਰ ਕੈਨੇਡਾ ਅਤੇ ਹੋਰਨਾਂ ਏਅਰਲਾਈਨ ਨਾਲ ਵੀ ਵਿਸ਼ੇਸ਼ ਮੀਟਿੰਗ ਕਰਨਗੇ ਤਾਂ ਜੋ ਉਨ੍ਹਾਂ ਨੂੰ ਅੰਮ੍ਰਿਤਸਰ ਨਾਲ ਸਿੱਧੇ ਹਵਾਈ ਸੰਪਰਕ ਬਾਰੇ ਆਪਣੇ ਹਲਕੇ ਅਤੇ ਕੈਨੇਡਾ ਦੇ ਪੰਜਾਬੀਆਂ ਦੀ ਇਸ ਮੰਗ ਤੋਂ ਜਾਣੂ ਕਰਵਾਇਆ ਜਾ ਸਕੇ।ਆਪਣੇ ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਵੀਡੀਓ ਵਿੱਚ ਐੱਮ.ਪੀ ਵਿੱਸ ਨੇ ਕਿਹਾ ਕਿ ਉਹ ਵੈਨਕੂਵਰ/ਟੋਰਾਂਟੋ ਅਤੇ ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਬਾਰੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣਗੇ।
ਧੰਜੂ ਨੇ ਭਾਈਚਾਰੇ ਦੇ ਹੋਰਨਾਂ ਮੈੰਬਰਾਂ ਸਮੇਤ ਐਮ.ਪੀ. ਵਿੱਸ ਨੂੰ ਹਜਾਰਾਂ ਲੋਕਾਂ ਵਲੋਂ ਦਸਤਖਤ ਕੀਤੀ ਗਈ ਪਟੀਸ਼ਨ ਦੀਆਂ ਕਾਪੀਆਂ ਸੌਂਪਦੇ ਹੋਏ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦਾ ਇਸ ਮਹੱਤਵਪੂਰਨ ਕਾਰਜ ਵਿੱਚ ਵੱਡਮੁੱਲੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਪਟੀਸ਼ਨ ‘ਤੇ ਦਸਤਖਤ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਉੱਧਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆ ਬਾਰੇ ਸਕੱਤਰ ਸਮੀਪ ਸਿੰਘ ਗੁਮਟਾਲਾ (ਅਮਰੀਕਾ ਵਾਸੀ) ਅਤੇ ਅਨੰਤਦੀਪ ਸਿੰਘ ਢਿੱਲੋਂ ਨੇ ਆਨਲਾਈਨ ਕੰਪਿਊਟਰ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ ਕੈਨੇਡਾ ਦੇ ਪੰਜਾਬੀ ਮੂਲ਼ ਦੇ ਅਤੇ ਹੋਰਨਾਂ ਸੰਸਦ ਮੈਂਬਰਾਂ ਨੂੰ ਬਿਹਤਰ ਹਵਾਈ ਸੰਪਰਕ ਲਈ ਪ੍ਰਵਾਸੀਆਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਨੂੰ ਪੂਰਾ ਕਰਨ ਲਈ ਇਕੱਠੇ ਯਤਨ ਕਰਨ ਦੀ ਅਪੀਲ ਕੀਤੀ। ਗੁਮਟਾਲਾ ਨੇ ਦੱਸਿਆ ਕਿ ਸਾਡੀ ਟੀਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਕਾਰ ਅਤੇ ਵੱਖ-ਵੱਖ ਹਵਾਈ ਕੰਪਣੀਆਂ ਨੂੰ ਅੰਕੜਿਆਂ ਸਮੇਤ ਪੰਜਾਬੀਆਂ ਦੀ ਇਸ ਅਹਿਮ ਮੰਗ ਬਾਰੇ ਜਾਣੂ ਕਰਵਾ ਰਹੇ ਹਨ ਅਤੇ ਉਨ੍ਹਾਂ ਨੇ 2019 ਵਿੱਚ ਏਅਰ ਕੈਨੇਡਾ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਇਸ ਸੰਬੰਧੀ ਵਿਸ਼ੇਸ਼ ਅੰਕੜੇ ਵੀ ਪੇਸ਼ ਕੀਤੇ ਸਨ।
ਇਸ ਸੰਬੰਧ ਵਿੱਚ ਅੰਮ੍ਰਿਤਸਰ ਤੋਂ ਜਾਰੀ ਇੱਕ ਬਿਆਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਜੋ ਕਿ ਲੰਮੇ ਸਮੇਂ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਓਣ ਲਈ ਯਤਨਸ਼ੀਲ ਹਨ, ਨੇ ਵੀ ਕੈਨੇਡਾ ਦੇ ਸੰਸਦ ਮੈਂਬਰ ਬਰੈਡ ਵਿੱਸ ਵੱਲੋਂ ਅਪਣਾਈ ਗਈ ਸਕਾਰਾਤਮਕ ਪਹੁੰਚ ਦਾ ਸਵਾਗਤ ਕੀਤਾ ਹੈ ਅਤੇ ਇਸ ਮੁੱਦੇ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਉਠਾਉਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕੈਨੇਡਾ ਦੇ ਹੋਰਨਾਂ ਸੰਸਦ ਮੈਂਬਰਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਏੇਅਰ ਕੈਨੇਡਾ ਸਮੇਤ ਵੈਸਟਜੈੱਟ, ਲੁਫਥਾਂਸਾ, ਕੇਐਲਐਮ-ਏਅਰ ਫਰਾਂਸ, ਬ੍ਰਿਟਿਸ਼ ਏਅਰਵੇਜ਼, ਸਵਿਸ ਆਦਿ ਏਅਰਲਾਈਨ ਜੋ ਕਿ ਟੋਰਾਂਟੋ ਜਾਂ ਵੈਨਕੂਵਰ ਲਈ ਉਡਾਣਾਂ ਚਲਾਉਂਦੀਆਂ ਹਨ, ਤੱਕ ਵੀ ਇਸ ਸੰਬੰਧੀ ਪਹੁੰਚ ਕਰਨ।
Leave a Reply