By admin, Published on September 5th, 2022 in News
ਸਤੰਬਰ 5, 2022: ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ, ਮੈਂਬਰ ਰਵਰੀਤ ਸਿੰਘ ਨੇ ਯੂਕੇ ਦੀ ਨਵੀਂ ਏਅਰਲਾਈਨ ਹੰਸ ਏਅਰਵੇਯ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਤਨਾਮ ਸਿੰਘ ਸੈਣੀ ਅਤੇ ਜਨਰਲ ਮੈਨੇਜਰ ਇੰਡੀਆ ਅਮਿਤ ਧੀਮਾਨ ਨਾਲ ਬਰਮਿੰਘਮ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ।
ਪ੍ਰੈਸ ਨੂੰ ਜਾਰੀ ਬਿਆਨ ਵਿਚ ਮਨਮੋਹਨ ਸਿੰਘ ਬਰਾੜ ਨੇ ਦੱਸਿਆ ਕਿ ਮੀਟਿੰਗ ਦੋਰਾਨ ਵਫ਼ਦ ਨੇ ਹੰਸ ਏਅਰਵੇਜ਼ ਦੇ ਸੀਈਓ ਨੂੰ ਨਵੀਂ ਏਅਰਲਾਈਨ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਪਣੇ ਪਹਿਲੇ ਅੰਤਰਰਾਸ਼ਟਰੀ ਏਅਰਪੋਰਟ ਵਜੋਂ ਚੁਣਨ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਨਵੀਂ ਏਅਰਲਾਈਨ ਵਲੋਂ ਆਪਣੀ ਪਲੇਠੀ ਉਡਾਣ ਲਈ ਅੰਮ੍ਰਿਤਸਰ ਹਵਾਈ ਅੱਡੇ ਦੀ ਚੋਣ, ਪੰਜਾਬ ਦੇ ਇਸ ਸਭ ਤੋਂ ਵੱਡੇ ਹਵਾਈ ਅੱਡੇ ਪ੍ਰਤੀ ਵਿਦੇਸ਼ ਦੀਆਂ ਏਅਰਲਾਈਨ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ। ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਨਾ ਸਿਰਫ਼ ਦੋ ਸ਼ਹਿਰਾਂ ਵਿਚਕਾਰ ਹਵਾਈ ਸਫਰ ਲਈ ਯਾਤਰੀਆਂ ਕੋਲ ਵਧੇਰੇ ਵਿਕਲਪ ਮਿਲਣ ਦੇ ਨਾਲ ਨਾਲ ਪੰਜਾਬ ਦੇ ਖੇਤੀਬਾੜੀ, ਕਾਰਗੋ ਅਤੇ ਸੈਲਾਨੀ ਉਦਯੋਗ ਨੂੰ ਵੀ ਫਾਇਦਾ ਹੋਵੇਗਾ।
ਬਰਾੜ ਨੇ ਕਿਹਾ ਕਿ ਇਸ ਸਮੇਂ ਬਰਮਿੰਘਮ-ਅੰਮ੍ਰਿਤਸਰ ਦਰਮਿਆਨ ਏਅਰ ਇੰਡੀਆ ਸਿਰਫ ਇਕ ਹਫਤਾਵਾਰੀ ਉਡਾਣ ਚਲਾ ਰਹੀ ਹੈ ਜਿਸ ਕਾਰਨ ਯਾਤਰੀਆਂ ਨੂੰ ਲੰਡਨ ਜਾਂ ਹੋਰ ਹਵਾਈ ਅੱਡਿਆਂ ਰਾਹੀਂ ਉਡਾਣ ਭਰਨ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਉਡਾਣ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਅਸੀਂ ਹੰਸ ਏਅਰਵੇਜ਼ ਦੀ ਟੀਮ ਨੂੰ ਉਨ੍ਹਾਂ ਦੀਆਂ ਭਵਿੱਖਮਈ ਯੋਜਨਾਵਾਂ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ।
ਹੰਸ ਦੇ ਸੀਈਓ ਸਤਨਾਮ ਸੈਣੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਹੰਸ ਏਅਰਵੇਜ਼ ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਹੋਰਨਾਂ ਮੁਲਕਾਂ ਦੇ ਹਵਾਈ ਅੱਡਿਆਂ ਨਾਲ ਅੰਮ੍ਰਿਤਸਰ ਨੂੰ ਜੋੜਨ ਦੀ ਯੋਜਨਾ ਬਣਾ ਰਹੀ ਹੈ, ਅਤੇ ਇਸਦਾ ਉਦੇਸ਼ ” ਪੰਜਾਬੀਆਂ ਦੀ ਮਨਪਸੰਦ ਏਅਰਲਾਈਨ” ਬਣਨਾ ਹੈ। ਸੈਣੀ ਨੇ ਅੱਗੇ ਕਿਹਾ ਕਿ ਹੰਸ ਏਅਰਵੇਜ਼ ਪੰਜਾਬ ਦੇ ਖੇਤੀਬਾੜੀ ਉਦਯੋਗ ਨੂੰ ਬਰਮਿੰਘਮ ਅਤੇ ਯੂਕੇ ਦੇ ਹੋਰ ਸ਼ਹਿਰਾਂ ਵਿੱਚ ਤਾਜ਼ੀਆਂ ਸਬਜ਼ੀਆਂ ਆਦਿ ਨੂੰ ਸਿੱਧੇ ਨਿਰਯਾਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
ਸੈਣੀ ਅਨੁਸਾਰ, ਹੰਸ ਨੇ ਅਗਸਤ ਮਹੀਨੇ ਦੇ ਸ਼ੁਰੂ ਵਿੱਚ ਆਪਣਾ ਪਹਿਲਾ ਏਅਰਬੱਸ ਏ330-200 ਜਹਾਜ਼ ਬਰਮਿੰਘਮ ਏਅਰਪੋਰਟ ਤੇ ਉਤਾਰਿਆ ਸੀ। ਏਅਰਲਾਈਨ ਆਪਣੀ ਯੋਜਨਾ ਦੇ ਅਨੁਸਾਰ, ਯੂਕੇ ਸਿਵਲ ਏਵੀਏਸ਼ਨ ਅਥਾਰਟੀ (ਸੀਏਏ) ਅਤੇ ਹੋਰ ਸਬੰਧਤ ਅਥਾਰਟੀਆਂ ਦੁਆਰਾ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕਰਨ ਵਿੱਚ ਸਫਲਤਾਪੂਰਵਕ ਅੱਗੇ ਵਧ ਰਹੀ ਹੈ। ਇਹ ਹੁਣ ਸੀਏਏ ਤੋਂ ਏਅਰ ਆਪਰੇਟਰਜ਼ ਸਰਟੀਫਿਕੇਟ (ਏ.ਓ.ਸੀ) ਪ੍ਰਾਪਤ ਕਰਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਆਖਰੀ ਪੜਾਅ ਵਿੱਚ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਉਸ ਸੰਬੰਧੀ ਕਾਰਵਾਈਆਂ ਨੂੰ ਵੀ ਪੂਰਾ ਕਰ ਲਿਆ ਜਾਵੇਗਾ। ਇਹ ਸਰਟੀਫਿਕੇਟ ਮਿਲਣ ਉਪਰੰਤ ਏਅਰਲਾਈਨ ਉਡਾਣਾ ਸ਼ੁਰੂ ਕਰ ਸਕੇਗੀ। ਹੰਸ ਏਅਰਵੇਜ਼ ਦੀ ਸਾਰੀ ਟੀਮ ਇਹਨਾਂ ਦੇ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਅਤੇ ਉਤਸ਼ਾਹਿਤ ਹੈ।
Leave a Reply