ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪੁੱਜੀ ਨਿਓਸ ਏਅਰ ਦੀ ਚਾਰਟਰ ਉਡਾਣ ਰਾਹੀਂ ਆਏ 179 ਯਾਤਰੂਆਂ ‘ਚੋਂ 125 ਯਾਤਰੀ ਕੋਰੋਨਾ ਪੌਜ਼ਟਿਵ ਪਾਏ ਗਏ।
ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਵੀਰਵਾਰ ਦੁਪਹਿਰ ਨੂੰ ਇਟਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੀ ਚਾਰਟਰਡ ਫਲਾਈਟ ‘ਚ ਕੁੱਲ 179 ਯਾਤਰੀ ਸਵਾਰ ਸਨ। ਕਿਉਂਕਿ ਕੇਂਦਰੀ ਸਿਹਤ ਮੰਤਰਾਲੇ ਨੇ ਇਟਲੀ ਨੂੰ ਉੱਚ ਜੋਖਮ ਵਾਲੇ ਦੇਸ਼ਾਂ ਵਿੱਚ ਸੂਚੀਬੱਧ ਕੀਤਾ ਗਿਆ ਹੈ, ਪ੍ਰੋਟੋਕੋਲ ਅਨੁਸਾਰ ਬੱਚਿਆਂ ਨੂੰ ਛੱਡ ਕੇ 160 ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਜਦੋਂ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਆਈ ਤਾਂ ਇਨ੍ਹਾਂ ਵਿੱਚੋਂ 125 ਯਾਤਰੀ ਵਾਇਰਸ ਨਾਲ ਸੰਕਰਮਿਤ ਪਾਏ ਗਏ।
ਹਵਾਈ ਅੱਡੇ ਦੇ ਡਾਇਰੈਕਟਰ ਵੀ.ਕੇ. ਸੇਠ ਨੇ ਦੱਸਿਆ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ ਸਾਰੇ ਕੋਰੋਨਾ ਪੌਜ਼ਟਿਵ ਯਾਤਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਨਾਲ ਹੀ, ਸਾਰੇ ਯਾਤਰੀਆਂ ਦੇ ਨਮੂਨੇ ਓਮੀਕਰੋਨ ਵੇਰੀਐਂਟ ਦੀ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਮੁਤਾਬਕ ਬਾਕੀ 19 ਯਾਤਰੀ ਬੱਚੇ ਸਨ ਜਿਨ੍ਹਾਂ ਨੂੰ ਜਾਂਚ ਤੋਂ ਛੋਟ ਦਿੱਤੀ ਗਈ ਹੈ।
ਇਟਲੀ ਦੇ ਮਿਲਾਨ ਅਤੇ ਰੋਮ ਤੋਂ ਅੰਮ੍ਰਿਤਸਰ ਵਿਚਕਾਰ ਚਾਰਟਰ ਉਡਾਣਾਂ ਯੂਰੋ ਅਟਲਾਂਟਿਕ ਏਅਰਵੇਜ਼, ਨਿਓਜ, ਸਪਾਈਸ ਜੈੱਟ ਆਦਿ ਦੁਆਰਾ ਚਲਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਓਮੀਕਰੋਨ ਦੇ ਨਵੇਂ ਵੇਰੀਐਂਟ ਕਾਰਨ ਭਾਰਤ ਦੇ ਨਾਲ-ਨਾਲ ਦੁਨੀਆ ਭਰ ‘ਚ ਵੀ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।
ਇੰਨੀ ਵੱਡੀ ਗਿਣਤੀ ‘ਚ ਯਾਤਰੀਆਂ ਦੇ ਕੋਰੋਨਾ ਪੌਜ਼ਟਿਵ ਹੋਣ ਤੋਂ ਬਾਅਦ ਏਅਰਪੋਰਟ ਤੇ ਹਾਹਾਕਾਰ ਮੱਚ ਗਈ। ਯਾਤਰੀਆਂ ਅਤੇ ਉਹਨਾਂ ਨੂੰ ਲੈਣ ਆਏ ਰਿਸ਼ਤੇਦਾਰਾਂ ਨੇ ਏਅਰਪੋਰਟ ਉੱਪਰ ਪ੍ਰਦਰਸ਼ਨ ਕੀਤਾ। ਏਅਰਪੋਰਟ ਤੋਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਤ ਕੀਤੇ ਜਾ ਰਹੇ ਹਨ।
ਯਾਤਰੀਆਂ ਦਾ ਕਹਿਣਾ ਹੈ ਕਿ ਅਸੀਂ ਇਟਲੀ ਤੋਂ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਅਤੇ ਆਰ ਟੀ ਪੀ ਸੀ ਆਰ ਦੀ 72 ਘੰਟਿਆਂ ਦੀ ਰਿਪੋਰਟ ਨੈਗੇਟਿਵ ਲੈ ਕੇ ਆਏ ਹਾਂ। ਜੇਕਰ ਸਾਨੂੰ ਕੋਰੋਨਾ ਹੋਇਆ ਤਾਂ ਹਵਾਈ ਜਹਾਜ਼ ਦੇ ਸਟਾਫ ਤੇ ਹੋਰਨਾਂ ਨੂੰ ਕਿਉਂ ਨਹੀਂ ਹੋਇਆ|
ਸਾਰੇ ਕੋਰੋਨਾ ਪੋਜ਼ਟਿਵ ਲੋਕਾਂ ਨੂੰ ਅੰਮ੍ਰਿਤਸਰ ਵਿੱਚ ਹੀ ਕੁਆਰਟਾਈੰਨ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਏਗਾ ਜਦੋਂ ਕਿਸੇ ਉਡਾਣ ਦੇ ਆਓਣ ਤੋਂ ਬਾਦ ਇੰਨੀ ਵੱਡੀ ਗਿਣਤੀ ਵਿੱਚ ਯਾਤਰੀ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਸਾਰੇ ਯਾਤਰੀ ਪੰਜਾਬ ਨਾਲ ਸਬੰਧਤ ਹਨ।