By , Published on October 18th, 2020 in Blog, News

ਵਲੋਂ: ਸਮੀਪ ਸਿੰਘ ਗੁਮਟਾਲਾ

ਅਕਤੂਬਰ 12, 2020: ਕਤਰ ਏਅਰਵੇਜ਼ ਨੇ ਅਕਤੂਬਰ ਦੇ ਮਹੀਨੇ ਵਿਚ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਾਲ ਹਵਾਈ ਸੰਪਰਕ ਦੇ ਆਪਣੇ 11 ਸਾਲ ਪੂਰੇ ਕਰ ਲਏ। ਇਸ ਸਮੇਂ, ਭਾਰਤ ਦੁਆਰਾ ਨਿਯਮਤ ਤੌਰ ‘ਤੇ ਅੰਤਰ ਰਾਸ਼ਟਰੀ ਉਡਾਣਾਂ ਦੇ ਸੰਚਾਲਨ ਨੂੰ ਮੁਅੱਤਲ ਕਰਨ ਕਾਰਨ, ਕਤਰ ਏਅਰ ਭਾਰਤ ਤੇ ਕਤਰ ਵਿਚਾਲੇ ਹੋਏ ਨਵੇਂ ਅਸਥਾਈ ਹਵਾਈ ਸਮਝੋਤਿਆਂ ਤਹਿਤ ਸਿਰਫ ਅੰਮ੍ਰਿਤਸਰ-ਦੋਹਾ ਦਰਮਿਆਨ ਸੀਮਤ ਉਡਾਣਾਂ ਚਲਾ ਕਰ ਰਹੀ ਹੈ।

ਇਸ ਦੋਰਾਨ ਕਤਰ ਨੇ ਪੰਜਾਬੀਆਂ ਨੂੰ ਦੁਨੀਆਂ ਦੇ ਕਈ ਮੁਲਕਾਂ ਤੱਕ ਪਹੁੰਚਾਇਆ। ਆਪ ਜੀ ਨਾਲ ਕਤਰ ਏਅਰਵੇਜ਼ ਦੇ ਇਸ 11 ਸਾਲ ਦੇ ਸਫਰ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।

ਦੋਹਾਂ ਤੋਂ ਅੰਮ੍ਰਿਤਸਰ ਲਈ ਪਹਿਲੀ ਉਡਾਣ

ਕਤਰ ਏਅਰਵੇਜ਼ ਦਾ ਅੰਮ੍ਰਿਤਸਰ ਨਾਲ ਹਵਾਈ ਸੰਪਰਕ 12 ਅਕਤੂਬਰ 2009 ਨੂੰ ਸ਼ੁਰੂ ਹੋਇਆ ਸੀ ਜਦੋਂ ਦੋਹਾ ਦੇ ਹਮਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਫਲਾਈਟ ਨੰਬਰ 298 ਨੇ ਪਹਿਲੀ ਵਾਰ ਅੰਮ੍ਰਿਤਸਰ ਲਈ ਉਡਾਣ ਭਰੀ। ਅੰਮ੍ਰਿਤਸਰ ਪਹੁੰਚਣ ਤੇ ਇਸ ਪਹਿਲੀ ਉਡਾਣ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਸਾਲ 2009 ਵਿਚ ਉਦਘਾਟਨੀ ਉਡਾਣ ਸਮੇਂ ਏਅਰ ਲਾਈਨ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਸੀ, “ਅੰਮ੍ਰਿਤਸਰ ਦੇ ਹਵਾਈ ਅੱਡੇ ਲਈ ਪਹਿਲੀ ਉਡਾਣ ਯਾਤਰੀਆਂ ਨਾਲ ਪੂਰੀ ਭਰੀ ਹੋਈ ਸੀ। ਇਹਨਾਂ ਦੀ ਵੱਡੀ ਗਿਣਤੀ ਦੁਨੀਆਂ ਭਰ ਤੋਂ 17 ਅਕਤੂਬਰ 2009 ਵਾਲੇ ਦਿਨ ਨੂੰ ਅੰਮ੍ਰਿਤਸਰ ਵਿਖੇ ਦੀਵਾਲੀ ਦੇ ਤਿਉਹਾਰ ਲਈ ਗਏ। ਅੰਮ੍ਰਿਤਸਰ ਵਿਖੇ ਸਿੱਖ ਧਰਮ ਦਾ ਪ੍ਰਸਿੱਧ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਹੈ। ਇਸ ਸਥਾਨ ਤੇ ਹਰ ਸਾਲ ਭਾਰਤ ਦੇ ਮਸ਼ਹੂਰ ਤਾਜ ਮਹਿਲ ਨਾਲੋਂ ਵੀ ਵੱਧ ਲੋਕਾਂ ਆਓਂਦੇ ਹਨ।”

ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ

ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਤਾ ਗਵਾਇਆ ਹੋਇਆ ਅੰਤਰਰਾਸ਼ਟਰੀ ਸੰਪਰਕ

ਇਹ ਉਡਾਣ ਉਸ ਵੇਲੇ ਸ਼ੁਰੂ ਹੋਈ ਜਦੋਂ ਸਾਲ 2008 ਦੇ ਅਖੀਰ ਤੱਕ ਅੰਮ੍ਰਿਤਸਰ ਤੋਂ ਸਿੰਗਾਪੁਰ ਏਅਰ ਨੇ ਸਿੰਗਾਪੁਰ ਅਤੇ ਜੈਟ ਏਅਰਵੇਜ਼ ਨੇ ਲੰਡਨ ਹੀਥਰੋ ਲਈ ਆਪਣੀਆਂ ਉਡਾਣਾਂ ਬਦ ਕਰ ਦਿੱਤੀਆਂ ਸਨ ਜਿਸ ਨਾਲ ਗੁਰੂ ਕੀ ਨਗਰੀ ਦੇ ਇਸ ਹਵਾਈ ਅੱਡੇ ਦਾ ਦੁਨੀਆਂ ਦੇ ਕਈ ਹੋਰਨਾਂ ਮੁਲਕਾਂ ਨਾਲ ਸੁਖਾਲੇ ਹਵਾਈ ਸਫਰ ਨੂੰ ਵੱਡਾ ਧੱਕਾ ਲੱਗਾ। ਸਾਲ 2010 ਵਿਚ ਏਅਰ ਇੰਡੀਆ ਦੀ ਅੰਮ੍ਰਿਤਸਰ-ਲੰਡਨ-ਟੋਰਾਂਟੋ ਲਈ ਅੰਤਰਰਾਸ਼ਟਰੀ ਉਡਾਣਾਂ ਨੂੰ ਦਿੱਲੀ ਰਾਹੀਂ ਕਰਨ ਨਾਲ ਹਵਾਈ ਅੱਡੇ ਨੂੰ ਹੋਰ ਨੁਕਸਾਨ ਪਹੁੰਚਿਆ। ਇਸ ਸਭ ਦੇ ਦੋਰਾਨ ਕਤਰ ਏਅਰਵੇਜ਼ ਦੀਆਂ ਉਡਾਣਾਂ ਪੰਜਾਬੀਆਂ ਨੂੰ ਯੂਰਪ, ਅਮਰੀਕਾ ਨਾਲ ਜੋੜਣ ਵਿਚ ਵਰਦਾਨ ਸਾਬਤ ਹੋਈਆਂ।

ਦੋਹਾ ਰਾਹੀਂ ਮਿਲਦਾ ਹੈ ਬਹੁਤ ਸਾਰੇ ਮੁਲਕਾਂ ਨੂੰ ਸੁਵਿਧਾਜਨਕ ਸੰਪਰਕ

ਕਤਰ ਏਅਰ ਦੀਆਂ ਇਸ ਸਮੇਂ ਦੁਨੀਆਂ ਭਰ ਦੇ 160 ਤੋਂ ਵੀ ਵੱਧ ਹਵਾਈ ਅੱਡਿਆਂ ਲਈ ਉਡਾਣਾਂ ਹਨ। ਉਸ ਸਮੇਂ ਤੋਂ ਹੀ, ਉੱਤਰੀ ਅਮਰੀਕਾ (ਨਿਉਯਾਰਕ, ਸ਼ਿਕਾਗੋ, ਮਾਂਟਰੀਅਲ, ਆਦਿ), ਯੂਰਪ (ਯੂ.ਕੇ, ਇਟਲੀ, ਜਰਮਨੀ, ਸਪੇਨ ਆਦਿ), ਅਫਰੀਕਾ ਅਤੇ ਮਿਡਲ ਈਸਟ ਦੇ ਕਈ ਸ਼ਹਿਰਾਂ ਤੋਂ ਦੋਹਾ ਰਾਹੀਂ ਯਾਤਰੀ ਸਿਰਫ ਕੁੱਝ ਹੀ ਘੰਟਿਆਂ ਬਾਦ ਦੇਰ ਸ਼ਾਮ ਨੂੰ ਅੰਮ੍ਰਿਤਸਰ ਲਈ ਉਡਾਣ ਤੇ ਰਵਾਨਾ ਹੋ ਜਾਂਦੇ ਹਨ। ਉਹਨਾਂ ਦੀ ਇਮੀਗਰੇਸ਼ਨ, ਸਮਾਨ ਆਦਿ ਅੰਮ੍ਰਿਤਸਰ ਹੀ ਹੁੰਦਾ ਹੈ। ਇਸ ਲਈ ਬਹੁਤ ਯਾਤਰੀ ਦਿੱਲੀ ਰਾਹੀਂ ਉਡਾਣਾ ਲੈਣੀਆਂ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਵਿਦੇਸ਼ ਤੋਂ ਦਿੱਲੀ ਆ ਕੇ  ਆਪਣਾ ਸਮਾਨ ਲੈ ਕੇ ਫਿਰ ਤੋਂ ਜਮਾਂ ਕਰਵਾਓਣਾ ਪੈਂਦਾ ਹੈ ਤੇ ਕਈ ਘੰਟੇ ਅੰਮ੍ਰਿਤਸਰ ਲਈ ਉਡਾਣ ਵਾਸਤੇ ਇੰਤਜਾਰ ਵੀ ਕਰਨਾ ਪੈਂਦਾ ਹੈ।

ਕਤਰ ਏਅਰਵੇਜ਼ ਦੀਆਂ ਦੋਹਾ ਤੋਂ ਦੁਨੀਆਂ ਦੇ 160 ਤੋਂ ਵੱਧ ਹਵਾਈ ਅੱਡਿਆਂ ਲਈ ਉਡਾਣਾਂ

ਏਅਰ ਲਾਈਨ ਨੇ ਪਹਿਲਾਂ 2009 ਵਿੱਚ ਹਫ਼ਤੇ ਲਈ ਚਾਰ ਉਡਾਣਾਂ ਨਾਲ ਸ਼ੁਰੂਆਤ ਕੀਤੀ ਅਤੇ ਕੁਝ ਹੀ ਮਹੀਨਿਆਂ ਬਾਦ 2010 ਦੇ ਸ਼ੁਰੂ ਵਿਚ ਇਸ ਨੂੰ ਰੋਜ਼ਾਨਾ ਕਰ ਦਿੱਤਾ। ਕਤਰ ਏਅਰ ਇਸ ਸਮੇਂ ਪੂਰੀ ਦੁਨੀਆ ਵਿਚ 160 ਤੋਂ ਵੱਧ ਮੰਜ਼ਿਲਾਂ ਲਈ ਉਡਾਣ ਭਰਦੀ ਹੈ ਜਿਸ ਕਾਰਨ ਯਾਤਰੀ ਪੂਰੀ ਦੁਨੀਆਂ ਵਿਚ ਆਸਾਨੀ ਨਾਲ ਇਹਨਾਂ ਦੀਆਂ ਦੋਹਾ ਰਾਹੀਂ ਉਡਾਣਾਂ ਲੈ ਸਕਦੇ ਹਨ। 

ਦੱਸ ਲੱਖ ਤੋਂ ਵੱਧ ਯਾਤਰੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਾਇਆ

ਏਅਰਪੋਰਟ ਅਥਾਰਟੀ ਦੇ 2009 ਤੋਂ 2019 ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਚਲਦਾ ਹੈ ਕਿ ਦੱਸ ਲੱਖ ਤੋਂ ਵੱਧ ਯਾਤਰੀ ਇਸ ਏਅਰਲਾਈਨ ਤੇ ਦੋਹਾ ਰਾਹੀਂ ਸਫਰ ਕਰ ਚੁੱਕੇ ਹਨ। ਇਸ ਵਿਚ ਤਕਰੀਬਰ 85 ਪ੍ਰਤੀਸ਼ਤ ਤੋਂ ਵੱਧ ਯਾਰੀ ਦੋਹਾ ਰਾਹੀਂ ਯੂ.ਕੇ., ਯੂਰਪ ਅਤੇ ਉੱਤਰੀ ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਹਨ।

ਯਾਤਰੀਆਂ ਦੀ ਹਰ ਸਾਲ ਦੀ ਗਿਣਤੀ (2009 ਤੋਂ 2019 ਤੱਕ)

ਤਾਲਾਬੰਦੀ ਦੌਰਾਨ ਵਿਸ਼ੇਸ਼ ਉਡਾਣਾਂ ਦਾ ਸੰਚਾਲਣ

ਭਾਰਤ ਵਿੱਚ ਅਪ੍ਰੈਲ-ਮਈ ਦੇ ਮਹੀਨੇ ਵਿੱਚ ਮੁਕੰਮਲ ਤਾਲਾਬੰਦੀ ਦੌਰਾਨ ਕਤਰ ਏਅਰ ਨੇ ਕੈਨੇਡਾ ਅਤੇ ਯੂ.ਕੇ. ਦੀ ਸਰਕਾਰ ਲਈ ਅੰਮ੍ਰਿਤਸਰ ਤੋਂ ਟੋਰਾਂਟੋ, ਵੈਨਕੂਵਰ ਅਤੇ ਲੰਡਨ ਹੀਥਰੋ ਲਈ ਕਈ ਉਡਾਣਾਂ ਦਾ ਸੰਚਾਲਨ ਕਰਦੇ ਹੋਏ ਹਜਾਰਾਂ ਪੰਜਾਬੀਆਂ ਨੂੰ ਪੰਜਾਬ ਤੋਂ ਆਪਣੇ ਮੁਲਕ ਵਾਪਸ ਲੈ ਕੇ ਗਏ। ਭਾਰਤ ਤੋਂ ਕੈਨੇਡਾ ਲਈ ਕਤਰ ਨੇ ਅੰਮ੍ਰਿਤਸਰ ਤੋਂ ਸਭ ਨਾਲੋਂ ਵੱਧ ਇਹਨਾਂ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਕੀਤਾ। 

ਹਵਾਈ ਸਮਝੋਤੇ ਦੇ ਕਾਰਨ ਨਹੀਂ ਸ਼ੁਰੂ ਕਰ ਸਕਦੇ ਹੋਰ ਉਡਾਣਾਂ

ਕਤਰ ਅਤੇ ਭਾਰਤ ਵਿਚਾਲੇ ਹਵਾਈ ਸਮਝੌਤਿਆਂ ਤਹਿਤ, ਏਅਰ ਲਾਈਨ ਹਫ਼ਤੇ ਇਕ ਪਾਸੇ ਤੇ ਤਕਰੀਬਨ 1300 ਯਾਤਰੀਆਂ ਤੱਕ ਸੀਮਿਤ ਹੈ। ਇਸ ਲਈ ਕਤਰ ਵਲੋਂ 182 ਜਾਂ 189 ਸੀਟਾਂ ਵਾਲੇ ਏਅਰਬਸ ਏ320 ਜਾਂ ਏ321 ਜਹਾਜ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਬਿਜ਼ਨਸ ਕਲਾਸ ਦੀਆਂ 12 ਅਤੇ ਇਕਾਨੌਮੀ ਕਲਾਸ ਦੀਆਂ 170 ਸੀਟਾਂ ਹਨ। ਸੰਯੁਕਤ ਅਰਬ ਅਮੀਰਾਤ, ਓਮਾਨ, ਕੁਵੈਤ ਸਮੇਤ ਖਾੜੀ ਦੇਸ਼ਾਂ ਦੀਆਂ ਕਈ ਹੋਰ ਹਵਾਈ ਕੰਪਨੀਆਂ ਵੀ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨਾ ਚਾਹੁੰਦੀਆਂ ਹਨ ਪਰ ਅੰਮ੍ਰਿਤਸਰ, ਭਾਰਤ ਨਾਲ ਹਵਾਈ ਸਮਝੌਤਿਆਂ ਦੀ ਸੂਚੀ ਵਿਚ ਸ਼ਾਮਲ ਨਾ ਹੋਣ ਕਾਰਨ ਉਹ ਅਜਿਹਾ ਕਰਨ ਦੇ ਯੋਗ ਨਹੀਂ ਹਨ।

ਸਮੀਪ ਸਿੰਘ ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਹਨ, ਜੋ ਕਿ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਮੁਹਿੰਮ ਹੈ।ਹਵਾਬਾਜ਼ੀ ‘ਤੇ ਉਹਨਾਂ ਦਾ ਮੁੱਖ ਧਿਆਨ ਪੰਜਾਬ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਅਤੇ ਉਸ ਬਾਰੇ ਲਿਖਣਾ ਹੈ।

 5,843 total views

Share post on:

Leave a Reply

This site uses Akismet to reduce spam. Learn how your comment data is processed.