By admin, Published on January 31st, 2021 in News
ਵੱਲੋਂ: ਸਮੀਪ ਸਿੰਘ ਗੁਮਟਾਲਾ
ਸਾਲ 2021 ਦੀ ਸ਼ੁਰੂਆਤ ਤੋਂ ਹੀ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਨਵੀਂਆਂ ਤੇ ਕੋਰੋਨਾ ਕਾਰਨ ਰੱਦ ਹੋਈਆਂ ਘਰੇਲੂ ਉਡਾਣਾਂ ਮੁੜ ਸ਼ੁਰੂ ਹੋ ਰਹੀਆਂ ਹਨ।
ਇਸੇ ਤਹਿਤ ਭਾਰਤ ਦੀ ਪ੍ਰਾਈਵੇਟ ਏਅਰਲਾਈਨ ਸਪਾਈਸਜੈੱਟ 11 ਫਰਵਰੀ ਤੋਂ, ਅੰਮ੍ਰਿਤਸਰ ਅਤੇ ਜੈਪੁਰ ਵਿਚਕਾਰ ਆਪਣੀਆਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਰਹੀ ਹੈ।
ਅੰਮ੍ਰਿਤਸਰ-ਜੈਪੁਰ ਸਿੱਧੀਆਂ ਉਡਾਣਾਂ ਨੂੰ 2020 ਵਿੱਚ ਕੋਵਿਡ -19 ਮਹਾਂਮਾਰੀ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਸਪਾਈਸ ਜੈੱਟ ਦੀ ਵੈਬਸਾਈਟ ਅਨੁਸਾਰ ਏਅਰ ਲਾਈਨ 11 ਫਰਵਰੀ ਤੋਂ, ਇਸ ਰੂਟ ਤੇ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰੇਗੀ।
ਅੰਮ੍ਰਿਤਸਰ ਤੋਂ ਉਡਾਣ ਸਵੇਰੇ 10:30 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12:30 ਵਜੇ ਜੈਪੁਰ ਪਹੁੰਚੇਗੀ, ਜਦੋਂ ਕਿ ਜੈਪੁਰ ਤੋਂ ਉਡਾਣ ਸਵੇਰੇ 8:20 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9:55 ਵਜੇ ਅੰਮ੍ਰਿਤਸਰ ਪਹੁੰਚੇਗੀ।
ਸਪਾਈਸਜੈੱਟ ਆਪਣੇ 80 ਤੋਂ 90 ਸੀਟਾਂ ਵਾਲੇ Q400 ਜਹਾਜ਼ ਦੀ ਵਰਤੋਂ ਕਰੇਗੀ। ਘਰੇਲੂ ਹਵਾਈ ਉਡਾਣਾਂ ਦੇ ਹੌਲੀ ਹੌਲੀ ਠੀਕ ਹੋਣ ਨਾਲ, ਏਅਰਪੋਰਟ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਹੋਰਨਾਂ ਰੂਟ ਤੇ ਉਡਾਣਾਂ ਵੀ ਸ਼ੁਰੂ ਹੋ ਸਕਦੀਆਂ ਹਨ। ਇਸ ਰੂਟ ਲਈ ਟਿਕਟਾਂ ਪਹਿਲਾਂ ਹੀ ਵਿਕਰੀ ਤੇ ਹਨ ਅਤੇ ਸਪਾਈਸਜੈੱਟ ਵੈਬਸਾਈਟ ਆਦਿ ਦੁਆਰਾ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ ਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਨੂੰ 2018 ਵਿਚ ਉਡਾਨ ਸਕੀਮ ਵਿਚ ਸ਼ਾਮਲ ਕਰਨ ਲਈ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਮੰਤਰੀ ਜੈਅੰਤ ਸਿਨਹਾ ਨੂੰ ਮਿਲੇ ਸਨ। ਇਸ ਉਪਰੰਤ ਉਡਾਨ-3 ਸਕੀਮ ਅਧੀਨ 6 ਘਰੇਲੂ ਹਵਾਈ ਅੱਡੇ ਸ਼ਾਮਲ ਕੀਤੇ ਗਏ ਸਨ ਜਿਸ ਵਿੱਚ ਜੈਪੁਰ, ਪਟਨਾ, ਕੋਲਕਾਤਾ, ਧਰਮਸ਼ਾਲਾ, ਗੋਆ ਅਤੇ ਵਾਰਾਣਸੀ ਸ਼ਾਮਲ ਸਨ। ਆਖਰਕਾਰ ਇਨ੍ਹਾਂ 6 ਰੂਟਾਂ ਵਿੱਚੋਂ 3 ਚਾਲੂ ਹੋ ਗਏ ਸਨ। ਸਪਾਈਸਜੈੱਟ ਦੁਆਰਾ ਪਟਨਾ, ਜੈਪੁਰ ਅਤੇ ਇੰਡੀਗੋ ਕੋਲਕਤਾ ਲਈ ਉਡਾਣ ਸੰਚਾਲਿਤ ਕਰ ਰਹੀ ਹੈ।
ਜੈਪੁਰ ਲਈ ਉਡਾਣ ਸ਼ੁਰੂ ਹੋਣ ਤੋਂ ਬਾਅਦ, ਅੰਮ੍ਰਿਤਸਰ 7 ਘਰੇਲੂ ਸ਼ਹਿਰਾਂ ਦਿੱਲੀ, ਮੁੰਬਈ, ਸ੍ਰੀਨਗਰ, ਪਟਨਾ, ਕੋਲਕਤਾ, ਬੰਗਲੋਰ ਅਤੇ ਜੈਪੁਰ ਨਾਲ ਸਿੱਧਾ ਜੁੜ ਜਾਵੇਗਾ।
2,852 total views
Leave a Reply