Site icon FlyAmritsar Initiative

ਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ, ਕਤਰ ਏਅਰਵੇਜ਼ ਰਾਹੀਂ ਜਾਓ ਅੰਮ੍ਰਿਤਸਰ

ਨਿਓਸ ਏਅਰ ਵਲੋਂ ਵੀ ਉਡਾਣਾਂ ਦੀ ਗਿਣਤੀ ‘ਚ ਵਾਧਾ, ਪ੍ਰਵਾਸੀ ਪੰਜਾਬੀ ਭਾਈਚਾਰੇ ਲਈ ਚੰਗੀ ਖਬਰ

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕਤਰ ਏਅਰਵੇਜ਼ ਦੀ ਟੋਰਾਂਟੋ ਤੋਂ ਦੋਹਾ ਵਾਸਤੇ 11 ਦਸੰਬਰ, 2024 ਤੋਂ ਸ਼ੁਰੂ ਹੋਣ ਵਾਲੀ ਸਿੱਧੀ ਉਡਾਣ ਸੇਵਾ ਦੇ ਐਲਾਨ ਦਾ ਸਵਾਗਤ ਕੀਤਾ ਹੈ। ਕੈਨੇਡਾ ਤੋਂ ਪੈ੍ਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਹੈ ਕਿ ਕਤਰ ਏਅਰਵੇਜ਼ ਦੀ ਇਹ ਨਵੀਂ ਉਡਾਣ ਟੋਰਾਂਟੋ ਨੂੰ ਦੋਹਾ ਰਾਹੀਂ ਸਿੱਧਾ ਅੰਮ੍ਰਿਤਸਰ ਨਾਲ ਜੋੜੇਗੀ, ਇਸ ਨਾਲ ਪੰਜਾਬੀਆਂ ਦਾ ਹਵਾਈ ਸਫਰ ਸੁਖਾਲਾ ਹੋ ਜਾਵੇਗਾ।

ਢਿੱਲੋਂ ਅਨੁਸਾਰ ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀ ਉਡਾਣ ਰੋਜ਼ਾਨਾ ਸਵੇਰੇ 4:10 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਦੋਹਾ ਪਹੁੰਚਦੀ ਹੈ। ਦੋਹਾ ਪਹੁੰਚ ਕੇ 3 ਘੰਟੇ 45 ਮਿੰਟ ਬਾਅਦ, ਯਾਤਰੀ ਹਫਤੇ ‘ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਸਵੇਰੇ 9:50 ਵਜੇ ਦੋਹਾ ਤੋਂ ਉਡਾਣ ਲੈ ਕੇ ਉਸੇ ਦਿਨ ਦੁਪਹਿਰ ਨੂੰ 3:55 ਵਜੇ ਟੋਰਾਂਟੋ ਪੁੱਜਣਗੇ। ਟੋਰਾਂਟੋ ਤੋਂ ਵਾਪਸੀ ਤੇ ਇਹ ਉਡਾਣ ਉਸੇ ਦਿਨ ਸ਼ਾਮ ਨੂੰ 8:00 ਵਜੇ ਰਵਾਨਾ ਹੋ ਕੇ ਅਗਲੇ ਦਿਨ ਸ਼ਾਮ ਨੂੰ 4:30 ਵਜੇ ਦੋਹਾ ਪਹੰਚੇਗੀ। ਇਸ ਉਪਰੰਤ ਯਾਤਰੀ ਰਾਤ ਦੇ 8:40 ਵਜੇ ਉਡਾਣ ਲੈ ਕੇ ਅਗਲੇ ਦਿਨ ਦੀ ਸਵੇਰ ਨੂੰ 2:40 ਵਜੇ ਅੰਮ੍ਰਿਤਸਰ ਪਹੰਚ ਜਾਣਗੇ। ਇੰਜ ਅੰਮ੍ਰਿਤਸਰ – ਟੋਰਾਂਟੋ ਵਿਚਕਾਰ ਹਵਾਈ ਯਾਤਰਾ ਸਿਰਫ 20 ਘੰਟਿਆ ‘ਚ ਪੂਰੀ ਹੋ ਜਾਏਗੀ, ਨਾਲ ਹੀ ਸਮਾਨ ਜਮਾ ਕਰਾਉਣਾ ਤੇ ਲੈਣਾ ਅਤੇ ਇਮੀਗਰੇਸ਼ਨ ਸਿਰਫ ਅੰਮ੍ਰਿਤਸਰ ਅਤੇ ਟੋਰਾਂਟੋ ‘ਚ ਹੀ ਹੋਵੇਗੀ।

ਉਹਨਾਂ ਅੱਗੇ ਦੱਸਿਆ ਕੀ, “ਕਤਰ ਏਅਰਵੇਜ਼ ਅੰਮ੍ਰਿਤਸਰ ਤੋਂ ਰੋਜ਼ਾਨਾ ਸਿੱਧੀਆਂ ਉਡਾਣਾਂ ਦਾ ਸੰਚਾਲਨ ਅਕਤੂਬਰ 2010  ਤੋਂ ਬਿਨਾ ਰੁਕੇ ਕਰ ਰਹੀ ਹੈ। ਇਹ ਉਡਾਣਾਂ ਹੁਣ ਤੱਕ ਦੋਹਾ ਰਾਹੀਂ ਅਮਰੀਕਾ ਦੇ 9 ਹਵਾਈ ਅੱਡਿਆਂ ਅਤੇ ਕੈਨੇਡਾ ਦੇ ਮਾਂਟਰੀਅਲ ਹਵਾਈ ਅੱਡੇ ਨਾਲ ਜੋੜਦੀਆਂ ਸਨ । ਇਸ ਨਵੀਂ ਉਡਾਣ ਦੇ ਸ਼ੁਰੂ ਹੋਣ ਨਾਲ, ਅੰਮ੍ਰਿਤਸਰ ਤੋਂ ਹੁਣ ਦੋਹਾ ਰਾਹੀਂ ਕੈਨੇਡਾ ਵਿੱਚ ਮਾਂਟਰੀਅਲ ਅਤੇ ਟੋਰਾਂਟੋ ਲਈ ਹਫਤੇ ‘ਚ 10 ਉਡਾਣਾਂ ਹੋ ਜਾਣਗੀਆਂ। ਕਤਰ ਏਅਰਵੇਜ਼ ਇੱਥੋਂ ਫਿਰ ਏਅਰ ਕੈਨੇਡਾ ਰਾਹੀਂ ਕੈਨੇਡਾ ਦੇ ਬਾਕੀ ਸ਼ਹਿਰਾਂ ਨਾਲ ਜੋੜਦੀ ਹੈ।”

ਪੰਜਾਬੀਆਂ ਲਈ ਇਸ ਵੇਲੇ ਕੈਨੇਡਾ ਆਉਣ ਲਈ ਦਿੱਲੀ ਦੀ ਖੱਜਲ-ਖੁਆਰੀ ਤੋਂ ਬਚਣ ਲਈ ਇੱਕੋ-ਇੱਕ ਵਿਕਲਪ ਅੰਮ੍ਰਿਤਸਰ ਤੋਂ ਮਿਲਾਨ ਰਾਹੀਂ ਇਟਲੀ ਦੀ ਨਿਓਸ ਏਅਰ ਦੀ ਟੋਰਾਂਟੋ ਲਈ ਉਡਾਣ ਹੈ। ਗੁਮਟਾਲਾ ਨੇ ਇਸ ਸੰਬੰਧੀ ਦੱਸਿਆ ਕਿ ਨਿਓਸ ਏਅਰ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਨੂੰ ਧਿਆਨ ‘ਚ ਰੱਖਦੇ ਹੋਏ ਦਸੰਬਰ ਮਹੀਨੇ ਵਾਸਤੇ ਟੋਰਾਂਟੋ ਲਈ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਹਫਤੇ ‘ਚ 2 ਤੋਂ ਵਧਾ ਕੇ 4 ਕਰ ਦਿੱਤੀਆਂ ਹਨ। ਹੁਣ ਟੋਰਾਂਟੋ ਤੋਂ ਕਤਰ ਏਅਰਵੇਜ਼ ਦੀ ਉਡਾਣ ਸ਼ੁਰੂ ਹੋਣ ਨਾਲ ਪੰਜਾਬੀਆਂ ਲਈ ਟੋਰਾਂਟੋ ਵਾਸਤੇ ਇੱਕ ਹੋਰ ਵਿਕਲਪ ਜੁੜ ਗਿਆ ਹੈ।”

ਸਮੀਪ ਸਿੰਘ ਗੁਮਟਾਲਾ ਅਤੇ ਅਨੰਤਦੀਪ ਸਿੰਘ ਢਿੱਲੋਂ

ਗੁਮਟਾਲਾ ਨੇ ਕਿਹਾ, “ਗੌਰਤਲਬ ਹੈ ਕਿ ਏਅਰ ਇੰਡੀਆ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰ ਦਿੱਲੀ ਤੋਂ ਇਹਨਾਂ ਉਡਾਣਾਂ ਦੀ ਗਿਣਤੀ ਨੂੰ ਵਧਾ ਰਹੀ ਹੈ। ਏਅਰ ਇੰਡੀਆਂ ਸਭ ਅੰਕੜਿਆਂ ਤੋਂ ਭਲੀ-ਭਾਂਤ ਜਾਣੂ ਹੈ ਕਿ ਦਿੱਲੀ ਤੋਂ ਕੈਨੇਡਾ ਦੀਆਂ ਸਿੱਧੀਆਂ ਉਡਾਣਾਂ ‘ਚ 65 ਤੋਂ 75 ਫੀਸਦੀ ਸਵਾਰੀਆਂ ਦੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ। ਇਸ ਦੇ ਬਾਵਜੂਦ ਅੰਮ੍ਰਿਤਸਰੋਂ ਉਡਾਣਾਂ ਨਾ ਹੋਣ ਕਾਰਨ ਪੰਜਾਬੀ ਲੋਕ ਦਿੱਲੀ ਤੋਂ ਹੀ ਉਡਾਣਾਂ ਲੈਣ ਲਈ ਮਜਬੂਰ ਹਨ । ਪੰਜਾਬ ਆਉਣ ਜਾਣ ਵਾਲੇ ਯਾਤਰੀਆਂ ਨੂੰ ਦਿੱਲੀ ਦੇ ਰਸਤੇ ਯਾਤਰਾ ਕਰਨ ਵਿੱਚ ਬਹੁਤ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚ ਲੰਬੀਆਂ ਇਮੀਗ੍ਰੇਸ਼ਨ ਲਾਈਨਾਂ, ਸਮਾਨ ਲੈਣਾ ਤੇ ਮੁੜ ਜਮਾਂ ਕਰਾਉਣਾ ਅਤੇ ਲੰਮਾ ਸਮਾਂ ਅੰਮ੍ਰਿਤਸਰ ਲਈ ਉਡਾਣ ਦਾ ਇੰਤਜ਼ਾਰ ਯਾਂ ਦਿੱਲੀ ਤੋਂ ਪੰਜਾਬ ਤੱਕ ਸੜਕ ਯਾਂ ਰੇਲ ਰਾਹੀਂ 8 ਤੋਂ 12 ਘੰਟਿਆ ਦਾ ਲੰਮਾ ਸਮਾਂ ਲੱਗਦਾ ਹੈ।”

ਢਿੱਲੋਂ ਅਤੇ ਗੁਮਟਾਲਾ ਨੇ ਸਾਂਝੇ ਤੌਰ ‘ਤੇ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਵਚਨਬੱਧਤਾ ਨੂੰ ਦੁਹਰਾਂਦਿਆਂ ਕਿਹਾ, “ਸਾਡੀਆਂ ਕੋਸ਼ਿਸ਼ਾਂ ਇੱਥੇ ਹੀ ਖਤਮ ਨਹੀਂ ਹੁੰਦੀਆਂ। ਅਸੀਂ ਅੰਮ੍ਰਿਤਸਰ ਤੋਂ ਵਧੇਰੇ ਸਿੱਧੀਆਂ ਉਡਾਣਾਂ ਲਈ ਏਅਰ ਇੰਡੀਆ ਸਣੇ ਹੋਰਨਾਂ ਏਅਰਲਾਈਨ ਕੰਪਨੀਆਂ ਤੱਕ ਪਹੁੰਚ ਕਰ ਉਹਨਾਂ ਨੂੰ ਅੰਕੜੇ ਅਤੇ ਹੋਰ ਜਾਣਕਾਰੀ ਦੇ ਕੇ ਉਡਾਣਾਂ ਦੀ ਮੰਗ ਕਰਦੇ ਰਹਿੰਦੇ ਹਾਂ। ਨਾਲ ਹੀ ਅਸੀਂ ਪੰਜਾਬੀ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਹਮੇਸ਼ਾ ਅੰਮ੍ਰਿਤਸਰ ਤੋਂ ਹੀ ਉਡਾਣਾਂ ਲੈਣ ਨੂੰ ਤਰਜੀਹ ਦੇਣ ਜਿਸ ਨਾਲ ਅਸੀਂ ਏਅਰਲਾਈਨ ਕੰਪਨੀਆਂ ਤੱਕ ਉਡਾਣਾਂ ਸ਼ੁਰੂ ਕਰਾਉਣ ਲਈ ਮਜਬੂਤ ਅੰਕੜੇ ਸਾਂਝੇ ਕਰਕੇ ਵਕਾਲਤ ਕਰ ਸਕੀਏ।”

Share post on:
Exit mobile version