By admin, Published on September 18th, 2024 in News
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਨਵੀਆਂ ਸਿੱਧੀਆਂ ਉਡਾਣਾਂ ਦਾ ਸਵਾਗਤ
ਸਤੰਬਰ 17, 2024: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਦੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹੋਰ ਵਿਕਸਤ ਅਤੇ ਨਵੀਆਂ ਉਡਾਣਾਂ ਸ਼ੁਰੂ ਕਰਾਉਣ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਥਾਈਲੈਂਡ ਦੀ ਥਾਈ ਲਾਇਨ ਏਅਰ ਵੱਲੋਂ ਬੈੰਕਾਕ – ਅੰਮ੍ਰਿਤਸਰ ਵਿਚਕਾਰ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ‘ਚ ਕਨਵੀਨਰ ਯੋਗੇਸ਼ ਕਾਮਰਾ ਨੇ ਨਵੀਆਂ ਉਡਾਣਾਂ ਦੇ ਐਲਾਨ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਇਸ ਉਡਾਣ ਦਾ ਸੰਚਾਲਨ ਹਫ਼ਤੇ ‘ਚ ਚਾਰ ਦਿਨ ਹੋਇਆ ਕਰੇਗਾ। ਏਅਰਲਾਈਨ ਦੀ ਵੈਬਸਾਈਟ ਅਨੁਸਾਰ ਇਹ ਉਡਾਣ ਬੈਂਕਾਕ ਦੇ ਡੌਨ ਮੁਏਂਗ ਅੰਤਰਰਾਸ਼ਟਰੀ ਹਵਾਈ ਅੱਡਾ (ਡੀਐਮਕੇ) ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਰਾਤ ਨੂੰ 8:10 ‘ਤੇ ਰਵਾਨਾ ਹੋਇਆ ਕਰੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਦ, ਸਥਾਨਕ ਸਮੇਂ ਅਨੁਸਾਰ ਰਾਤ 11:25 ‘ਤੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਅੱਧੀ ਰਾਤ ਤੋਂ ਬਾਅਦ 00:25 ‘ਤੇ ਰਵਾਨਾ ਹੋ ਕੇ 4 ਘੰਟੇ 20 ‘ਚ ਸਵੇਰੇ 06:15 ‘ਤੇ ਬੈਂਕਾਰ ‘ਚ ਪਹੁੰਚੇਗੀ।
ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦੇ ਹੋਏ ਗੁਮਟਾਲਾ ਨੇ ਕਿਹਾ, “ਬੈਂਕਾਕ ਅਤੇ ਅੰਮ੍ਰਿਤਸਰ ਵਿਚਕਾਰ ਉਡਾਣਾਂ ਦੀ ਸ਼ੁਰੂਆਤ ਇਸ ਖੇਤਰ ਲਈ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵਧਾਉਣ ਲਈ ਸਾਡੇ ਚੱਲ ਰਹੇ ਯਤਨਾਂ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ। ਇਹਨਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਸੈਰ-ਸਪਾਟਾ ਅਤੇ ਵਪਾਰ ਨੂੰ ਹੋਰ ਹੁਲਾਰਾ ਮਿਲੇਗਾ। ਥਾਈਲੈਂਡ ‘ਚ ਵੱਸਦਾ ਸਿੱਖ ਅਤੇ ਪੰਜਾਬੀ ਭਾਈਚਾਰਾ ਹੀ ਨਹੀਂ, ਬਲਕਿ ਹੋਰਨਾਂ ਕਈ ਧਰਮਾਂ ਤੋਂ ਲੋਕ ਹਰਮੰਦਿਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਲਈ ਸਿੱਧਾ ਪੰਜਾਬ ਆ ਜਾ ਸਕਣਗੇ।”
ਕਾਮਰਾ ਨੇ ਅੱਗੇ ਦੱਸਿਆ, “ਅੰਮ੍ਰਿਤਸਰ ਪਹਿਲਾਂ ਹੀ ਮਲੇਸ਼ੀਆ ਏਅਰਲਾਈਨਜ਼, ਏਅਰ ਏਸ਼ੀਆ ਐਕਸ, ਬਾਟਿਕ ਏਅਰ ਦੁਆਰਾ ਕੁਆਲਾਲੰਪੂਰ ਅਤੇ ਸਕੂਟ ਦੁਆਰਾ ਸਿੰਗਾਪੁਰ ਤੋਂ ਸਿੱਧੀਆਂ ਉਡਾਣਾਂ ਨਾਲ ਦੱਖਣ-ਪੂਰਬੀ ਏਸ਼ੀਆ ਦੇ ਕਈ ਮੁਲਕਾਂ ਨਾਲ ਜੁੜਿਆ ਹੋਇਆ ਹੈ। ਇਹਨਾਂ ਦੋਨੋ ਏਅਰਪੋਰਟ ਰਾਹੀਂ ਵੀ ਬੈਂਕਾਕ ਨਾਲ ਸੰਪਰਕ ਉਪਲੱਬਧ ਹੈ। ਪਰ ਹੁਣ ਇਸ ਸਿੱਧੀ ਉਡਾਣ ਦੇ ਨਾਲ ਯਾਤਰਾ ਦਾ ਸਮਾਂ 8 ਤੋਂ 10 ਘੰਟੇ ਤੋਂ ਘੱਟ ਕੇ ਹੁਣ ਅੱਧਾ ਰਹਿ ਜਾਵੇਗਾ।”
ਇਸ ਸਿੱਧੀ ਉਡਾਣ ਦੇ ਸ਼ੁਰੂ ਹੋਣ ‘ਤੇ ਗੁਆਂਢੀ ਸੂਬੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਵੀ ਫਾਇਦਾ ਹੋਵੇਗਾ, ਜੋ ਅਕਸਰ ਥਾਈਲੈਂਡ ਜਾਂਦੇ ਹਨ। ਕਾਮਰਾ ਅਨੁਸਾਰ ਉਹ ਹੁਣ ਸਿੱਧਾ ਥਾਈਲੈਂਡ ਦੇ ਪ੍ਰਸਿੱਧ ਬੀਚ ਸਥਾਨਾਂ ਜਿਵੇਂ ਫੁਕੇਟ, ਕਰਾਬੀ, ਕੋਹ ਸਾਮੂਈ ਅਤੇ ਹੁਆ ਹਿਨ ਦੇ ਨਾਲ-ਨਾਲ ਥਾਈਲੈਂਡ ਦੇ ਮਸ਼ਹੂਰ ਸ਼ਹਿਰ ਚਿਆਂਗ ਮਾਈ, ਚਿਆਂਗ ਰਾਏ, ਸੂਰਤ ਥਾਨੀ ਅਤੇ ਅਯੁਥਯਾ ਆਦਿ ਜਾ ਸਕਣਗੇ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਪੰਜਾਬੀ ਭਾਈਚਾਰੇ ਨੂੰ ਇਸ ਨਵੀਂ ਉਡਾਣ ਦਾ ਲਾਭ ਉਠਾਉਣ ਅਤੇ ਇਸ ਰੂਟ ਨੂੰ ਸਫਲ ਬਣਾਉਣ ਲਈ ਅਪੀਲ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਇਸ ਰੂਟ ਦੀ ਸਫਲਤਾ ਤੋਂ ਬਾਦ ਥਾਈਲੈਂਡ ਦੀਆਂ ਹੋਰ ਏਅਰਲਾਈਨਾਂ ਵੀ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ। ਯਾਤਰੀ ਥਾਈ ਲਾਇਨ ਏਅਰ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ ਜਾਂ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਆਪਣੀਆਂ ਉਡਾਣਾਂ ਬੁੱਕ ਕਰ ਸਕਦੇ ਹਨ।
Leave a Reply